ਫਾਜ਼ਿਲਕਾ:ਜ਼ਿਲ੍ਹੇ ਦੇ ਪਿੰਡ ਨੂਰਸ਼ਾਹ ਦੇ ਦਰਿਆ 'ਚ ਰੇਤ ਦੀ ਨਜਾਇਜ਼ ਮਾਈਨਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ। ਇਸ ਦੇ ਚਲਦੇ ਪਿੰਡ ਨੂਰਸ਼ਾਹ ਦੀਆਂ ਸੜਕਾਂ ਦੀ ਹਾਲਤ ਬੇਹਦ ਖ਼ਰਾਬ ਹੋ ਚੁੱਕੀ ਹੈ। ਲੋਕਾਂ ਵੱਲੋਂ ਨਜਾਇਜ਼ ਮਾਈਨਿੰਗ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਲੋਕਾਂ ਵੱਲੋਂ ਮੀਡੀਆ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ। ਮੀਡੀਆ ਕਰਮੀਆਂ ਦੇ ਪੁੱਜਦੇ ਹੀ ਇਥੇ ਰੇਤ ਭਰਨ ਵਾਲੇ ਮਜ਼ਦੂਰ ਤੇ ਠੇਕੇਦਾਰ ਮੌਕੇ ਤੋਂ ਫਰਾਰ ਹੋ ਗਏ।
ਸਥਾਨਕ ਲੋਕਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਿਛਲੇ ਦੋ ਮਹੀਨੀਆਂ ਤੋਂ ਦਰਿਆ 'ਚ ਰੇਤ ਦੀ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਰੇਤ ਦੀ ਮਾਈਨਿੰਗ ਕਾਰਨ ਪਿੰਡ ਦੀਆਂ ਸੜਕਾਂ ਖਸਤਾ ਹਾਲ ਹੋ ਗਈਆਂ ਹਨ। ਇਸ ਕਾਰ ਮੀਂਹ ਦੇ ਮੌਸਮ 'ਚ ਪਿੰਡ ਵਿੱਚ ਹੜ੍ਹ ਦੀ ਸਮੱਸਿਆ ਤੇ ਖਰਾਬ ਸੜਕਾਂ ਕਾਰਨ ਸੜਕ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਕਈ ਵਾਰ ਪੁਲਿਸ ਪ੍ਰਸ਼ਾਸਨ ਕੋਲ ਸ਼ਿਕਾਇਤ ਕਰ ਚੁੱਕੇ ਹਨ, ਪਰ ਪੁਲਿਸ ਵੱਲੋਂ ਨਜਾਇਜ਼ ਮਾਈਨਿੰਗ ਕਰਨ ਵਾਲੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।
ਪਿੰਡ ਵਾਸੀਆਂ ਨੇ ਸਥਾਨਕ ਵਿਧਾਇਕ ਤੇ ਪੁਲਿਸ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਾਏ। ਉਨ੍ਹਾਂ ਇਥੋਂ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਅਤੇ ਪੰਜਾਬ ਪੁਲਿਸ ਵੱਲੋਂ ਭੂ ਮਾਫਿਆ ਨਾਲ ਮਿਲੀਭੁਗਤ ਦੇ ਦੋਸ਼ ਲਾਏ। ਪਿੰਡ ਵਾਸੀਆਂ ਨੇ ਜਲਦ ਤੋਂ ਜਲਦ ਨਜਾਇਜ਼ ਮਾਈਨਿੰਗ ਰੋਕੇ ਜਾਣ ਦੀ ਮੰਗ ਕੀਤੀ ਹੈ।
ਇਸ ਮੌਕੇ ਸਦਰ ਥਾਣਾ ਫਾਜ਼ਿਲਕਾ ਦੇ ਐਸਐਚਓ ਨੂੰ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ, ਪਰ ਰੇਡ ਦੌਰਾਨ ਉਥੇ ਟਰਾਲੀਆਂ ਬਰਾਮਦ ਨਹੀਂ ਹੋਈਆਂ।