ਫ਼ਾਜ਼ਿਲਕਾ: ਕੋਰੋਨਾ ਕਾਰਨ ਲੱਗੇ ਲੌਕਡਾਊਨ 'ਚ ਕੇਂਦਰ ਸਰਕਾਰ ਵੱਲੋਂ ਨੀਲੇ ਕਾਰਡ ਧਾਰਕਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਪਰ ਕੁਝ ਡੀਪੋ ਹੋਲਡਰ ਨੀਲੇ ਕਾਰਡ ਧਾਰਕਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ 'ਚ ਘਪਲੇਬਾਜ਼ੀ ਕਰ ਰਹੇ ਹਨ।
ਅਜਿਹਾ ਹੀ ਇੱਕ ਮਾਮਲਾ ਫ਼ਾਜ਼ਿਲਕਾ ਦੇ ਪਿੰਡ ਖਿਓ ਵਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਡੀਪੂ ਹੋਲਡਰ ਨੀਲੇ ਕਾਰਡ ਧਾਰਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਨੂੰ ਸਰਕਾਰੀ ਰਾਸ਼ਨ ਨਹੀਂ ਦੇ ਰਹੇ। ਇਸ ਦੇ ਚਲਦਿਆਂ ਸਮੂਹ ਨੀਲੇ ਕਾਰਡ ਧਾਰਕਾਂ ਨੇ ਡੀਪੂ ਹੋਲਡਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ ਤੇ ਉਨ੍ਹਾਂ ਨੇ ਉੱਚ ਅਧਿਕਾਰੀਆਂ ਤੋਂ ਇਸ ਮਾਮਲੇ ਸਬੰਧੀ ਜਾਂਚ ਕਰਨ ਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।
ਪਿੰਡ ਖਿਓ ਵਾਲਾ ਦੇ ਨੀਲੇ ਕਾਰਡ ਦੇ ਧਾਰਕਾਂ ਨੇ ਦੱਸਿਆ ਕਿ ਜਦੋਂ ਤੋਂ ਨੀਲਾ ਕਾਰਡ ਬਣਿਆ, ਉਦੋਂ ਤੋਂ ਹੀ ਸਰਕਾਰੀ ਰਾਸ਼ਨ ਨਹੀਂ ਮਿਲਿਆ ਹੈ। ਜਦੋਂ ਉਹ ਸਰਕਾਰੀ ਰਾਸ਼ਨ ਲੈਣ ਜਾਂਦੇ ਤਾਂ ਉਨ੍ਹਾਂ ਨੂੰ ਹਮੇਸ਼ਾ ਡੀਪੂ ਹੋਲਡਰ ਇਹ ਆਖ ਦਿੰਦਾ ਕਿ ਉਨ੍ਹਾਂ ਦਾ ਨਾਂਅ ਸਰਕਾਰੀ ਰਾਸ਼ਨ ਦੀ ਸੂਚੀ 'ਚ ਨਹੀਂ ਆਇਆ।
ਜਦੋਂ ਉਨ੍ਹਾਂ ਨੇ ਸਰਪੰਚ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਅਗਸਤ ਮਹੀਨੇ ਦਾ ਸਰਕਾਰੀ ਰਾਸ਼ਨ ਹਾਲੇ ਬਾਕੀ ਹੈ ਤੇ ਉਹ ਗ਼ਰੀਬ ਪਰਿਵਾਰ ਨਾਲ ਸਬੰਧਤ ਹਨ। ਉਨ੍ਹਾਂ ਨੂੰ ਸਰਕਾਰੀ ਰਾਸ਼ਨ ਲਈ ਕੁੱਝ ਡੀਪੂ ਹੋਲਡਰ ਖੱਜਲ ਖੁਆਰ ਕਰ ਰਹੇ ਹਨ।
ਪਿੰਡ ਵਾਸੀਆਂ ਨੇ ਅਪੀਲ ਕੀਤੀ ਕਿ ਜਿਹੜੇ ਅਜਿਹੀ ਘਪਲੇ ਬਾਜ਼ੀ ਕਰਦੇ ਹਨ, ਉਨ੍ਹਾਂ 'ਤੇ ਮਾਮਲਾ ਦਰਜ ਕਰਕੇ ਹਿਰਾਸਤ 'ਚ ਲਿਆ ਜਾਵੇ ਤਾਂ ਜੋ ਅਗਲੀ ਵਾਰ ਕੋਈ ਅਜਿਹਾ ਘਪਲਾ ਨਾ ਕਰ ਸਕੇ।
ਇਹ ਵੀ ਪੜ੍ਹੋ:ਫ਼ਰੀਦਕੋਟ 'ਚ ਲੁੱਟ ਦੀ ਵੱਡੀ ਵਾਰਦਾਤ, ਲੁਟੇਰੇ 3 ਲੱਖ ਤੋਂ ਵੱਧ ਦੀ ਨਕਦੀ ਲੈ ਕੇ ਫਰਾਰ
ਉਥੇ ਹੀ ਜਦੋਂ ਡੀਪੂ ਹੋਲਡਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਸਾਰੇ ਰਾਸ਼ਨ ਕਾਰਡ ਆਨਲਾਈਨ ਹੀ ਹਨ ਤੇ ਸਰਕਾਰ ਦੀਆਂ ਹਿਦਾਇਤਾਂ ਦੇ ਮੁਤਾਬਕ ਹੀ ਰਾਸ਼ਨ ਵੰਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਬਾਜ਼ੀ ਹੋਣ ਕਰਕੇ ਉਨ੍ਹਾਂ 'ਤੇ ਇਹ ਇਲਜ਼ਾਮ ਲੱਗ ਰਹੇ ਹਨ।
ਫ਼ਾਜ਼ਿਲਕਾ ਦੇ ਫ਼ੂਡ ਸਪਲਾਈ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਦੇ ਸਰਪੰਚ ਵੱਲੋਂ ਸਰਕਾਰੀ ਰਾਸ਼ਨ ਨਾ ਮਿਲਣ ਦੀ ਸ਼ਿਕਾਇਤ ਦਰਜ ਕੀਤੀ ਗਈ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਦੋਸ਼ੀ ਪਾਇਆ ਜਾਦਾ ਹੈ ਤਾਂ ਉਸਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।