ਫਾਜ਼ਿਲਕਾ: ਜ਼ਿਲ੍ਹੇ ਦੀ ਅਨਾਜ ਮੰਡੀ ਵਿੱਚ ਕਣਕ ਦੀ ਫ਼ਸਲ ਨੂੰ ਲੈ ਕੇ ਆਏ ਕਿਸਾਨਾਂ ਨੂੰ ਕਣਕ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਦੇ ਕਾਰਨ ਵਾਪਸ ਭੇਜਿਆ ਜਾ ਰਿਹਾ ਹੈ। ਇਸ ਕਾਰਨ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫ਼ਸਲ ਦੀ ਕਟਾਈ ਤੋਂ ਬਾਅਦ ਕਿਸਾਨਾਂ ਵੱਲੋਂ ਫ਼ਸਲ ਨੂੰ ਵੇਚਣ ਲਈ ਅਨਾਜ ਮੰਡੀਆਂ ਵਿੱਚ ਲਿਜਾਇਆ ਜਾ ਰਿਹਾ ਹੈ ਪਰ ਪ੍ਰਸ਼ਾਸਨ ਵੱਲੋਂ ਮੰਡੀ ਵਿੱਚ ਕੋਈ ਵੀ ਪੁਖ਼ਤਾ ਪ੍ਰਬੰਧ ਮੌਜੂਦ ਨਹੀਂ ਹਨ।
ਜੇ ਗੱਲ ਕੀਤੀ ਜਾਵੇ ਫਾਜ਼ਿਲਕਾ ਅਨਾਜ ਮੰਡੀ ਦੀ ਤਾਂ ਇੱਥੇ ਮਾਰਕਿਟ ਕਮੇਟੀ ਅਧਿਕਾਰੀਆਂ ਵਲੋਂ ਕਣਕ ਦੀ ਫ਼ਸਲ ਵਿੱਚ ਨਮੀ ਦੀ ਮਾਤਰਾ 12 ਫ਼ੀਸਦੀ ਤੱਕ ਰੱਖੀ ਗਈ ਹੈ। ਇਸ ਦੇ ਬਾਵਜੂਦ ਮੰਡੀ ਵਿੱਚ ਆਪਣੀ ਫ਼ਸਲ ਲਿਆ ਰਹੇ ਕਿਸਾਨਾਂ ਦੀ ਕਣਕ ਵਿੱਚ ਨਮੀ ਦੀ ਮਾਤਰਾ 12 ਫ਼ੀਸਦੀ ਦੀ ਥਾਂ 13,14,15 ਅਤੇ 17 ਤੱਕ ਪਾਈ ਜਾ ਰਹੀ ਹੈ, ਜਿਸ ਕਾਰਨ ਮਾਰਕਿਟ ਕਮੇਟੀ ਅਧਿਕਾਰੀਆਂ ਵੱਲੋਂ ਉਨ੍ਹਾਂ ਦੀਆਂ ਟਰਾਲੀਆ ਨੂੰ ਵਾਪਸ ਭੇਜਿਆ ਜਾ ਰਿਹਾ ਹੈ।
ਜੇਕਰ ਜ਼ਿਲ੍ਹਾ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਆਪਣੀ ਫ਼ਸਲ ਸੁਕਾ ਕੇ ਲਿਆਉਣ ਲਈ ਅਪੀਲ ਕੀਤੀ ਗਈ ਸੀ ਤੇ ਬਕਾਇਦਾ ਪ੍ਰਸ਼ਾਸਨ ਵਲੋਂ ਪਾਸ ਵੀ ਜਾਰੀ ਕੀਤੇ ਗਏ ਸਨ ਤਾਂ ਕਿ ਸੋਸ਼ਲ ਡਿਸਟੇਂਸਿੰਗ ਬਣੀ ਰਹੇ।
ਇਸ ਮੌਕੇ ਕਾਂਗਰਸੀ ਆਗੂ ਸੁਰਿੰਦਰ ਕਾਲੜਾ ਨੇ ਦੱਸਿਆ ਕਿ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਇਸ ਦੇ ਚਲਦਿਆਂ ਉਨ੍ਹਾਂ ਨੇ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਵਾਪਸ ਭੇਜਣ ਦੀ ਬਜਾਏ ਉਨ੍ਹਾਂ ਦੀ ਫ਼ਸਲ ਨੂੰ ਜ਼ਲਦ ਤੋਂ ਜ਼ਲਦ ਖਰੀਦਿਆ ਜਾਵੇ।
ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਉਹ ਇੰਨੀ ਦੂਰੋਂ ਚਲ ਕੇ ਮੰਡੀ ਵਿੱਚ ਆਪਣੀ ਫ਼ਸਲ ਵੇਚਣ ਲਈ ਆਏ ਹਨ ਪਰ ਇੱਥੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਫ਼ਸਲ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਦੀ ਗੱਲ ਕਹਿ ਕੇ ਵਾਪਸ ਭੇਜਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਕਾਰਨ ਪ੍ਰੇਸ਼ਾਨ ਰਹਿੰਦਾ ਹੈ ਤੇ ਹੁਣ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇੰਨੇ ਪੈਸੇ ਖ਼ਰਚ ਕਰਕੇ ਕਿਰਾਏ ਉੱਤੇ ਟਰਾਲੀਆਂ ਲੈ ਕੇ ਆਏ ਹਨ ਤੇ ਹਣ 12 ਫ਼ੀਸਦੀ ਤੋਂ ਵੱਧ ਨਮੀ ਹੋਣ ਕਾਰਨ ਉਨ੍ਹਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ।