ਫਾਜ਼ਿਲਕਾ: ਪੰਜਾਬ ਭਰ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਦੇ ਬਾਅਦ ਜਿੱਥੇ ਕਿਸਾਨਾਂ ਨੇ ਮਾਲ ਗੱਡੀਆਂ ਚਲਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ। ਉਥੇ ਹੀ ਪੰਜਾਬ ਭਰ ਵਿੱਚ ਖੇਤੀ ਲਈ ਯੂਰਿਆ ਖਾਦ ਦੀ ਕਮੀ ਦੇ ਚਲਦਿਆਂ ਰਾਜਸਥਾਨ ਤੋਂ ਵਪਾਰੀ ਅਤੇ ਕਿਸਾਨ ਯੂਰਿਆ ਖਾਦ ਲਿਆ ਰਹੇ ਸਨ। ਪਰ ਹੁਣ ਰਾਜਸਥਾਨ ਦੇ ਗੰਗਾਨਗਰ ਜਿਲ੍ਹੇ ਦੇ ਕਲੈਕਟਰ ਵਲੋਂ ਰਾਜਸਥਾਨ ਤੋਂ ਪੰਜਾਬ ਵਿੱਚ ਆਉਣ ਵਾਲੀ ਖਾਦ ਉੱਤੇ ਪੂਰੀ ਤਰ੍ਹਾਂ ਨਾਲ ਬੈਨ ਲਗਾ ਦਿੱਤਾ ਗਿਆ ਹੈ।
ਉਥੇ ਹੀ ਪੰਜਾਬ ਰਾਜਸਥਾਨ ਨੂੰ ਜੋੜਨ ਵਾਲੇ ਪਿੰਡ ਗੁਮਜਾਲ ਵਿੱਚ ਆਪਣੀਆ ਟੀਮਾਂ ਲਗਾਕੇ ਪੰਜਾਬ ਨੂੰ ਜਾਣ ਵਾਲੀ ਖਾਦ ਉੱਤੇ ਨਿਗਰਾਨੀ ਰੱਖੀ ਜਾ ਰਹੀ ਹੈ। ਰਾਜਸਥਾਨ ਦੇ ਖੇਤੀਬਾੜੀ ਅਧਿਕਾਰੀ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਗੰਗਾਨਗਰ ਜਿਲ੍ਹੇ ਦੇ ਕਲੈਕਟਰ ਵਲੋਂ ਰਾਜਸਥਾਨ ਤੋਂ ਗ਼ੈਰਕਾਨੂੰਨੀ ਤੌਰ 'ਤੇ ਪੰਜਾਬ ਵਿੱਚ ਜਾਣ ਵਾਲੀ ਯੂਰਿਆ ਖਾਦ ਉੱਤੇ ਬੈਨ ਲਗਾਇਆ ਹੈ। ਜਿਸਦੇ ਚਲਦਿਆਂ ਅਸੀਂ ਇੱਥੇ ਨਾਕਾਬੰਦੀ ਕਰਕੇ ਬੈਠੇ ਹਾਂ ਜੇਕਰ ਕੋਈ ਰਾਜਸਥਾਨ ਤੋਂ ਪੰਜਾਬ ਵਿੱਚ ਯੂਰਿਆ ਖਾਦ ਲੈ ਕੇ ਜਾਵੇਗਾ ਤਾਂ ਉਸ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਫਾਜ਼ਿਲਕਾ ਜਿਲ੍ਹੇ ਦੇ ਖੁਈਆਂ ਸਰਵਰ ਦੇ ਪੁਲਿਸ ਅਧਿਕਾਰੀ ਜੋ ਗੁਮਜਾਲ ਉੱਤੇ ਨਾਕਾਬੰਦੀ ਕਰਕੇ ਬੈਠੇ ਹਨ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਰਾਜਸਥਾਨ ਨੂੰ ਸੀਲ ਕਰਨ ਵਰਗੀ ਕੋਈ ਗੱਲ ਨਹੀਂ ਹੈ ਸਿਰਫ਼ ਰਾਜਸਥਾਨ ਸਰਕਾਰ ਵਲੋਂ ਯੂਰਿਆ ਖਾਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਅਤੇ ਰਾਜਸਥਾਨ ਵਿੱਚ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਚੱਲਦੇ ਧਾਰਾ 144 ਲੱਗੀ ਹੋਈ ਹੈ। ਪ੍ਰਸ਼ਾਸਨ ਵੱਲੋਂ ਮਾਸਕ ਲਗਾਉਣ ਦੀ ਹਦਾਇਤ ਦਿੱਤੀ ਗਈ ਹੈ। ਬਿਨਾਂ ਮਾਸਕ ਵਾਲੇ ਲੋਕਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ।