ਫ਼ਾਜ਼ਿਲਕਾ: ਦਿੱਲੀ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦੀਆਂ ਮੌਤਾਂ ਦਾ ਲਗਾਤਾਰ ਸਿਲਸਿਲਾ ਜਾਰੀ ਹੈ। ਬੀਤੇ ਦਿਨੀਂ ਜ਼ਿਲ੍ਹਾ ਫ਼ਾਜ਼ਿਲਕਾ ਦੇ ਜਲਾਲਾਬਾਦ ਦੇ ਇੱਕ ਵਕੀਲ ਨੇ ਜ਼ਹਿਰੀਲੀ ਚੀਜ਼ ਖਾ ਕੇ ਟਿੱਕਰੀ ਬਾਰਡਰ ਉੱਤੇ ਖੁਦਕੁਸ਼ੀ ਕਰ ਲਈ ਸੀ। ਅੱਜ ਫਾਜ਼ਿਲਕਾ ਦੇ ਪਿੰਡ ਮਾਹਮੂ ਜੋਈਆਂ ਦੇ ਰਹਿਣ ਵਾਲੇ 65 ਸਾਲਾ ਕਿਸਾਨ ਕਸ਼ਮੀਰ ਲਾਲ ਦੀ ਮੌਤ ਹੋ ਗਈ ਹੈ।
ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਕਿਹਾ ਕਿ ਬੀਤੀ 28 ਤਰੀਕ ਨੂੰ ਕਸ਼ਮੀਰ ਲਾਲ ਸਿੰਘ ਦਿੱਲੀ ਗਿਆ ਸੀ, ਜਿੱਥੇ 31 ਦਸੰਬਰ ਨੂੰ ਉਨ੍ਹਾਂ ਨੂੰ ਪਹਿਲਾਂ ਹਾਰਟ ਅਟੈਕ ਹੋਇਆ। ਇਲਾਜ ਲਈ ਉਨ੍ਹਾਂ ਨੂੰ ਬਹਾਦੁਰਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਉਨ੍ਹਾਂ ਦੀ ਛਾਤੀ ਵਿੱਚ ਹੁੰਦੇ ਦਰਦ ਦੀ ਜਾਂਚ ਕਰਕੇ ਦਵਾਈ ਦੇ ਦਿੱਤੀ। ਉਨ੍ਹਾਂ ਕਿਹਾ ਕਿ ਕਸ਼ਮੀਰ ਸਿੰਘ ਫਿਰ ਅਗਲੇ ਹੀ ਦਿਨ ਕਸ਼ਮੀਰ ਲਾਲ ਵਾਪਸ ਜਲਾਲਾਬਾਦ ਆਪਣੇ ਘਰ ਵਿੱਚ ਪਰਤ ਗਿਆ।
ਘਰ ਪਰਤਣ ਉਪਰੰਤ ਹੀ ਉਹ ਮਾਹਮੂ ਜੋਈਆ ਟੋਲ ਪਲਾਜ਼ੇ ਉੱਤੇ ਚੱਲ ਰਹੇ ਧਰਨੇ ਵਿੱਚ ਸ਼ਾਮਲ ਹੋ ਗਏ। ਜਦੋਂ ਉਹ ਦੇਰ ਸ਼ਾਮ ਅੱਠ ਵਜੇ ਧਰਨੇ ਤੋਂ ਵਾਪਸ ਘਰ ਪਰਤਣ ਲੱਗੇ ਤਾਂ ਉਨ੍ਹਾਂ ਨੂੰ ਦੂਜਾ ਹਾਰਟ ਅਟੈਕ ਆਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਫਿਲਹਾਲ ਕਿਸਾਨ ਦੀ ਲਾਸ਼ ਉਸ ਦੇ ਘਰ ਪਿੰਡ ਮਾਹਮੂ ਜੋਈਆ ਤੋਂ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਮ੍ਰਿਤਕ ਕਸ਼ਮੀਰ ਲਾਲ ਦੇ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਅਤੇ ਬਣਦਾ 10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।