ਫਾਜ਼ਿਲਕਾ: ਪੰਜਾਬ ਅੰਦਰ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਨਸ਼ਾ ਛਡਾਓ ਕੇਂਦਰ ਖੋਲ੍ਹੇ ਗਏ ਹਨ, ਪਰ ਇਹ ਨਸ਼ਾ ਛਡਾਓ ਕੇਂਦਰ ਹਮੇਸ਼ਾ ਹੀ ਕਿਸੇ ਨਾ ਕਿਸੇ ਮੁੱਦੇ ਨੂੰ ਲੈਕੇ ਸਵਾਲਾਂ ਦੇ ਘੇਰੇ ਵਿੱਚ ਰਹੇ ਹਨ, ਭਾਵੇ ਉਹ ਇਨ੍ਹਾਂ ਕੇਂਦਰਾਂ ਵਿੱਚ ਨੌਜਵਾਨਾਂ ਨਾਲ ਕੁੱਟਮਾਰ ਦੇ ਮਾਮਲੇ ਹੋਣ ਜਾ ਫਿਰ ਇਨ੍ਹਾਂ ਕੇਂਦਰ ਵਿੱਚ ਦਵਾਈ ਦੀ ਕਮੀ ਹੋਵੇ, ਅਜਿਹਾ ਹੀ ਇੱਕ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਹੈ, ਜਿੱਥੇ ਦੇ ਨਸ਼ਾ ਛਡਾਓ ਕੇਂਦਰ ਵਿੱਚ ਨਸ਼ੇੜੀਆਂ ਨੂੰ ਦਵਾਈ ਨਾ ਮਿਲਣ ‘ਤੇ ਨਸ਼ੇੜੀਆ ਵੱਲੋਂ ਹੰਗਾਮਾ ਕੀਤਾ ਗਿਆ ਹੈ।
ਇਸ ਮੌਕੇ ਨਸ਼ਾ ਛੁਡਾਉਣ ਲਈ ਆਉਣ ਵਾਲਿਆਂ ਨੇ ਨਸ਼ਾ ਛੁਡਾਊ ਕੇਂਦਰ ‘ਤੇ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਦੱਸਦਿਆਂ ਕਿਹਾ ਕਿ ਉਹ ਲੋਕ ਬਹੁਤ ਦੂਰੋਂ-ਦੂਰੋਂ ਆਉਂਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਇੱਥੇ ਇੱਕ ਹਫ਼ਤੇ ਜਾਂ ਇਸ ਤੋਂ ਵੱਧ ਦਿਨਾਂ ਦੀ ਦਵਾਈ ਦਿੱਤੀ ਜਾਂਦੀ ਸੀ ਅਤੇ ਹੁਣ ਘਟਾ ਕੇ ਇੱਕ-ਦੋ ਦਿਨਾਂ ਦੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਨਸ਼ਾ ਛੁਡਾਊ ਕੇਂਦਰ ਦੇ ਅੰਦਰ ਜਾ ਕੇ ਉਹ ਆਪਣੇ ਮੋਟਰ ਸਾਈਕਲ ਲਗਾ ਸਕਦੇ ਸਨ, ਪਰ ਹੁਣ ਉਨ੍ਹਾਂ ਨੂੰ ਗੇਟ ਬੰਦ ਕਰਕੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਜਿਸ ਕਾਰਨ ਉਨ੍ਹਾਂ ਨੂੰ ਆਪਣੇ ਮੋਟਰ ਸਾਈਕਲ ਦੇ ਚੋਰੀ ਹੋਣ ਦਾ ਡਰ ਵੀ ਬਣਿਆ ਹੋਇਆ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਨਸ਼ਾ ਛੱਡਣ ਲਈ ਜੋ ਗੋਲੀ ਸਟਾਫ਼ ਵੱਲੋਂ ਉਨ੍ਹਾਂ ਨੂੰ ਦਿੱਤੀ ਜਾਂਦੀ ਹੈ, ਉਸ ਨਾਲ ਉਨ੍ਹਾਂ ਦਾ ਕੋਈ ਇਲਾਜ ਹੁੰਦਾ ਨਜ਼ਰ ਨਹੀਂ ਆ ਰਿਹਾ, ਸਗੋਂ ਉਹ ਹੋਰ ਵੀ ਨਸ਼ੇ ਦੇ ਆਦੀ ਹੁੰਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲੋਂ ਤਾਂ ਸਰਕਾਰ ਅਫੀਮ ਪੋਸਤ ਦੇ ਠੇਕੇ ਖੋਲ ਦੇਵੇ, ਤਾਂ ਜੋ ਉਹ ਲੋੜ ਮੁਤਾਬਿਕ ਆਪਣੇ ਨਸ਼ੇ ਦੀ ਪੂਰਤੀ ਕਰ ਸਕਣ। ਇਸ ਦੌਰਾਨ ਉਨ੍ਹਾਂ ਨੇ ਨਸ਼ਾ ਛੁਡਾਊ ਕੇਂਦਰ ਦੇ ਸਟਾਫ ‘ਤੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਹਨ।
ਉਧਰ ਇਸ ਬਾਰੇ ਜਦੋਂ ਸਬੰਧਿਤ ਡਾਕਟਰ ਸਿਧਾਰਥ ਕਲੁਜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਾਰੇ ਇਲਜ਼ਾਮਾਂ ਨੂੰ ਸਿਰੋਂ ਨਕਾਰਦਿਆਂ ਕਿਹਾ ਕਿ ਨਸ਼ਾ ਛੁਡਾਊ ਕੇਂਦਰ ‘ਤੇ ਆਉਣ ਵਾਲਿਆਂ ਨੂੰ ਦਿੱਤੀ ਜਾਣ ਵਾਲੀ ਦਵਾਈ ਏਮਜ਼ ਅਤੇ ਪੀ.ਜੀ.ਆਈ. ਦੀ ਗਾਈਡਲਾਈਨ ਦੇ ਮੁਤਾਬਿਕ ਹੀ ਦਿੱਤੀ ਜਾ ਰਹੀ ਹੈ। ਜਿਸ ਕਾਰਨ ਉਨ੍ਹਾਂ ਵੱਲੋਂ ਸ਼ੁਰੂ ਤੋਂ ਦਿੱਤੀ ਜਾਣ ਵਾਲੀ ਦਵਾਈ ਸਮੇਂ ਮੁਤਾਬਿਕ ਘਟਾ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ:ਪੀਐੱਮ ਮੋਦੀ ਅਤੇ ਸੀਐੱਮ ਮਾਨ ਸਣੇ ਕਈ ਸਿਆਸੀ ਆਗੂਆਂ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ