ਫਤਿਹਗੜ ਸਾਹਿਬ: ਪੁਲਿਸ ਝੂਠੇ ਪਰਚੇ ਪਾਉਂਦੀ ਹੈ ਇਨ੍ਹਾਂ ਤੋਂ ਬਚੋਂ, ਮੇਰੇ ਨਾਲ ਵੀ ਅਜਿਹਾ ਹੀ ਕੁਝ ਹੋਇਆ ਹੈ। ਇਹ ਕਹਿਣਾ ਸੀ ਪਿੰਡ ਬਰੌਗਾਂ ਦੇ ਪੀੜਤ ਨੌਜਵਾਨ ਸੁਖਵਿੰਦਰ ਸਿੰਘ ਦਾ। ਸੁਖਵਿੰਦਰ ਨੇ ਕਿਹਾ ਕਿ ਅਮਲੋਹ ਪੁਲਿਸ ਨੇ ਸਤੰਬਰ 2012 ਵਿਚ ਚਾਰ ਹਜ਼ਾਰ ਨਸ਼ੀਲੀਆ ਗੋਲੀਆਂ ਦੇ ਦੋਸ਼ ਵਿੱਚ ਫ਼ੜ੍ਹ ਕੇ ਉਸ ਨੂੰ ਜੇਲ ਭੇਜ ਦਿੱਤਾ ਸੀ। ਸੁਖਵਿੰਦਰ ਸਿੰਘ ਨੇ ਕਿਹਾ ਕਿ ਲੰਬੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਹੁਣ ਉਸ ਨੇ ਆਪਣੇ ਆਪ ਨੂੰ ਬੇਕਸੂਰ ਸਾਬਿਤ ਕੀਤਾ ਹੈ।
ਹਲਕਾ ਅਮਲੋਹ ਦੇ ਪਿੰਡ ਬਰੋਗਾਂ ਜ਼ੇਰ ਦੇ ਇੱਕ ਨੌਜਵਾਨ ਸੁਖਵਿੰਦਰ ਸਿੰਘ ਨੇ ਗੱਲਬਾਤ ਦੌਰਾਨ ਆਪਬੀਤੀ ਸੁਣਾਉਂਦਿਆਂ ਕਿਹਾ ਕਿ ਸਾਲ 2012 ਵਿੱਚ ਅਮਲੋਹ ਥਾਣੇ ਦਾ ਇੱਕ ਏਐਸਆਈ ਮੇਰੇ ਘਰ ਆਇਆ ਤੇ ਕਹਿਣ ਲਗਾ ਤੈਨੂੰ ਥਾਣੇ ਬੁਲਾਇਆ ਹੈ ਮੈਂ ਪੰਚਾਇਤ ਸਮੇਤ ਅਮਲੋਹ ਥਾਣੇ ਗਿਆ ਮੈਨੂੰ ਸ਼ਾਮ ਤੱਕ ਥਾਣੇ ਬਿਠਾਈ ਰੱਖਿਆ ਅਤੇ ਵਾਪਿਸ ਘਰ ਭੇਜ ਦਿੱਤਾ, ਦੂਸਰੇ ਦਿਨ ਮੁੜ ਮੈਨੂੰ ਥਾਣੇ ਬੁਲਾਇਆ ਗਿਆ ਅਤੇ ਮੇਰੇ 'ਤੇ ਚਾਰ ਹਜਾਰ ਨਸ਼ੀਲਿਆਂ ਗੋਲੀਆ ਦਾ ਝੂਠਾ ਮਾਮਲਾ ਦਰਜ ਕਰਕੇ ਮੈਨੂੰ ਨਾਭਾ ਜੇਲ੍ਹ ਭੇਜ ਦਿਤਾ।
ਸੁਖਵਿੰਦਰ ਨੇ ਦੱਸਿਆਂ ਕਿ ਜਦੋ ਮੇਰੇ ਖਿਲਾਫ਼ ਝੂਠਾ ਮੁਕਦਮਾ ਦਰਜ ਕੀਤਾ ਗਿਆ ਸੀ ਉਸ ਸਮੇ ਮੇਰਾ ਸਾਰਾ ਪਰਿਵਾਰ ਨਾਮੋਸ਼ੀ ਵਿਚ ਚਲਾ ਗਿਆ। ਇਸੇ ਦੌਰਾਨ ਮੇਰੇ ਪਿਤਾ ਦੀ ਮੋਤ ਹੋ ਗਈ। ਸੁਖਵਿੰਦਰ ਨੇ ਦੱਸਿਆ ਕਿ ਉਸ ਵੱਲੋਂ ਲੜੀ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਮਾਨਯੋਗ ਅਦਾਲਤ ਨੇ ਉਸ ਨੂੰ 13 ਜੁਲਾਈ 2017 ਨੂੰ ਬਰੀ ਕਰ ਦਿੱਤਾ ਸੀ। ਉਸ ਵੱਲੋਂ ਆਪਣੇ ਖਿਲਾਫ਼ ਹੋਏ ਧੱਕੇ ਨੂੰ ਲੈ ਕੇ ਇਸ ਦੀ ਇੱਕ ਸ਼ਿਕਾਇਤ ਚੰਡੀਗੜ੍ਹ ਸਥਿਤ ਕਮਿਸ਼ਨ ਨੂੰ ਕੀਤੀ ਗਈ ਜਿਸ ਦੀ ਜਾਂਚ ਜਸਟਿਸ ਮਹਿਤਾਬ ਸਿੰਘ ਗਿੱਲ ਅਤੇ ਰਿਟਾਇਰਡ ਜਿਲ੍ਹਾ ਸ਼ੈਸ਼ਨ ਜੱਜ ਬੀਐਸ ਮਹਿੰਦੀਰੱਤਾ ਵੱਲੋਂ ਕੀਤੀ ਗਈ। ਕਮਿਸ਼ਨ ਵੱਲੋਂ 19 ਦੰਸਬਰ 2018 ਨੂੰ ਐਸਐਸਪੀ ਫਤਿਹਗੜ੍ਹ ਸਾਹਿਬ ਨੂੰ ਲਿਖੇ ਪੱਤਰ ਵਿੱਚ ਦੋਸੀਆਂ ਖਿਲਾਫ਼ ਮਾਮਲਾ ਦਰਜ ਕਰਨ ਅਤੇ ਸ਼ਿਕਾਇਤ ਕਰਤਾ ਸੁਖਵਿੰਦਰ ਸਿੰਘ ਨੂੰ ਮੁਆਵਜ਼ਾ ਦੇਣ ਦੇ ਆਦੇਸ਼ ਦਿਤੇ ਹਨ।
ਸੁਖਵਿੰਦਰ ਨੇ ਦੱਸਿਆ ਕਿ ਕਮਿਸ਼ਨ ਦੇ ਹੁਕਮਾਂ ਦੇ ਬਾਵਜੂਦ ਜਿਲ੍ਹਾਂ ਪੁਲਿਸ ਵੱਲੋਂ 7 ਮਹੀਨੇ ਬਾਅਦ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ। ਉਸ ਨੇ ਕਿਹਾ ਕਿ ਇੰਸਪੈਕਟਰ ਦਲੀਪ ਕੁਮਾਰ ਵਿਦੇਸ ਭੱਜ ਗਿਆ ਹੈ ਜਦੋ ਕਿ ਬਾਕੀ ਦੇ ਮੁਲਜ਼ਮ ਵੀ ਵਿਦੇਸ਼ ਜਾਣ ਦੀ ਤਾਕ ਵਿੱਚ ਹਨ।
ਪਿੰਡ ਬਰੌਗਾਂ ਦੇ ਨਿਵਾਸੀਆਂ ਦਾ ਕਹਿਣਾ ਹੈ ਕਿ ਸੁਖਵਿੰਦਰ ਬਿਲਕੁਲ ਬੇਕਸੁਰ ਸੀ। ਪੁਲਿਸ ਨੇ ਉਸ ਖਿਲਾਫ਼ ਨਸ਼ੀਲੀਆ ਗੋਲੀਆ ਦਾ ਝੁਠਾ ਮੁਕਦਮਾ ਦਰਜ ਕੀਤਾ ਸੀ ਮਾਨਯੋਗ ਅਦਾਲਤ ਨੇ ਉਸ ਨੂੰ ਬਰੀ ਕਰ ਦਿਤਾ ਹੁਣ ਸਾਡੀ ਸਾਰੇ ਪਿੰਡ ਵਾਸੀਆਂ ਦੀ ਮੰਗ ਹੈ ਕਿ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਜੇਲ ਭੇਜਿਆ ਜਾਵੇ।