ਫ਼ਤਿਹਗੜ੍ਹ ਸਾਹਿਬ: ਸ਼ਹਿਰ ਨੂੰ ਸਾਫ਼ ਰੱਖਣ 'ਚ ਅਹਿਮ ਰੋਲ ਅਦਾ ਕਰਨ ਵਾਲੇ ਸਫਾਈ ਕਰਮਚਾਰੀਆਂ ਨੂੰ ਈਪੀਐਫਓ ਫੰਡ ਨਹੀਂ ਮਿਲ ਰਿਹਾ ਹੈ ਜਦੋਂ ਕਿ ਉਨ੍ਹਾਂ ਦੀ ਤਨਖ਼ਵਾਹ 'ਚੋਂ EPFO ਦੇ ਪੈਸੇ ਹਰ ਮਹੀਨੇ ਕੱਟੇ ਜਾ ਰਹੇ ਹਨ। ਸਫਾਈ ਕਰਮਚਾਰੀਆਂ ਦੇ ਵਫ਼ਦ ਨੇ ਇੱਕ ਮੰਗ ਪੱਤਰ ਭਾਜਪਾ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਕੁਮਾਰ ਗਰਗ ਨੂੰ ਸੌਂਪਿਆ ਹੈ।
ਇਹ ਸਫਾਈ ਕਰਮਚਾਰੀ ਠੇਕੇ 'ਤੇ ਕੰਮ ਕਰ ਰਹੇ ਹਨ ਤੇ ਉਨ੍ਹਾਂ ਨੂੰ ਕਈ ਸਾਲਾਂ ਤੋਂ ਈਪੀਐਫ ਫੰਡ ਨਹੀਂ ਮਿਲ ਰਿਹਾ ਹੈ। ਸਫਾਈ ਕਰਮਚਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ 2017-18 ਦਾ ਈਪੀਐਫ ਫੰਡ ਅੱਜੇ ਤੱਕ ਨਹੀਂ ਮਿਲਿਆ ਜਦੋਂ ਕਿ ਉਨ੍ਹਾਂ ਦੀਆਂ ਤਨਖ਼ਵਾਹਾਂ 'ਚੋਂ ਪੈਸੇ ਕੱਟੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਤਿਉਹਾਰਾਂ ਦੇ ਦਿਨ ਨੇੜੇ ਆ ਰਹੇ ਹਨ ਤੇ ਉਨ੍ਹਾਂ ਨੂੰ ਪੈਸਿਆਂ ਦੀ ਜ਼ਰੂਰਤ ਹੈ। ਦੱਸ ਦਈਏ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਫੰਡ ਸੰਬੰਧੀ ਇਹ ਸਫ਼ਾਈ ਕਰਮਚਾਰੀ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ ਪਰ ਇਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ।
ਉੱਥੇ ਮੌਜੂਦ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਕਹਿਣਾ ਸੀ ਕਿ ਇਹ ਕਾਂਗਰਸ ਦੇ ਘਪਲੇ ਦਾ ਪਰਦਾਫਾਸ਼ ਹੈ ਤੇ ਭਾਜਪਾ ਪਾਰਟੀ ਇਸ ਦੀ ਸਖ਼ਤ ਨਿੰਦਾ ਕਰਦੀ ਹੈ।
ਇਸ ਮਾਮਲੇ 'ਚ ਨਗਰ ਕੌਂਸਲ ਦੇ ਅਧਿਕਾਰੀ ਦਾ ਕਹਿਣਾ ਸੀ ਕਿ ਠੇਕੇਦਾਰ ਵੱਲੋਂ ਸਫਾਈ ਕਰਮਚਾਰੀਆਂ ਦੀ ਪਹਿਲਾਂ ਵੀ ਰਾਸ਼ੀ ਨਹੀਂ ਜਮ੍ਹਾ ਕਰਵਾਈ ਗਈ ਸੀ ਜਿਸ ਕਰਕੇ ਉਨ੍ਹਾਂ ਵੱਲੋਂ ਠੇਕੇਦਾਰ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਨੂੰ ਰੋਕ ਲਿਆ ਗਿਆ ਸੀ। ਸਫਾਈ ਕਰਮਚਾਰੀਆਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਜਲਦੀ ਈਪੀਐਫਓ ਫੰਡ ਮੁੱਹਇਆ ਕਰਵਾਇਆ ਜਾਵੇ।