ਫ਼ਤਿਹਗੜ੍ਹ ਸਾਹਿਬ: ਲੋਕ ਸਭਾ ਚੋਣਾਂ 2019 ਦੇ ਚੱਲਦਿਆਂ ਚੋਣ ਪ੍ਰਚਾਰ ਕਰਨ ਸੁਖਬੀਰ ਬਾਦਲ ਫ਼ਤਿਹਗੜ੍ਹ ਸਾਹਿਬ ਦੇ ਹਲਕਾ ਬੱਸੀ ਪਠਾਣਾ ਪਹੁੰਚੇ, ਜਿਥੇ ਉਨ੍ਹਾਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਸੁਖਬੀਰ ਬਾਦਲ ਤੋਂ ਮੀਡੀਆ ਨੇ ਕਿਸਾਨਾਂ ਦੀ ਮੰਡੀਆਂ 'ਚ ਰੁਲ ਰਹੀ ਫ਼ਸਲ ਬਾਰੇ ਸਵਾਰ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਨਾਲਾਇਕੀ ਹੈ ਤੇ ਆਰੋਪ ਕੇਂਦਰ ਸਰਕਾਰ 'ਤੇ ਲਗਾ ਰਹੇ ਹਨ। ਬਾਦਲ ਨੇ ਕਿਹਾ ਕਿ ਸਰਕਾਰ ਅਪਣੀ ਨਾਲਾਇਕੀ ਛੁਪਾਉਣ ਲਈ ਅਜਿਹੇ ਬਹਾਨੇ ਬਣਾ ਰਹੀ ਹੈ।
ਉਂਧਰ ਕਾਂਗਰਸੀਆਂ ਵੱਲੋਂ ਆਮ ਲੋਕਾਂ ਨਾਲ ਸਵਾਲ ਪੁੱਛੇ ਜਾਣ 'ਤੇ ਬਦਸਲੂਕੀ ਕੀਤੇ ਜਾਣ ਦੇ ਜਵਾਬ 'ਚ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਪਿਛਲੇ 2 ਸਾਲਾਂ 'ਚ ਕੁੱਝ ਕੀਤਾ ਨਹੀਂ ਹੈ ਤਾਂ ਲੋਕਾਂ ਨੇ ਸਵਾਲ ਤਾਂ ਪੁੱਛਣੇ ਹੀ ਹਨ। ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਤੰਜ ਕਸਿਆ ਤੇ ਕਿਹਾ ਕਿ ਕੈਪਟਨ ਘਰੋਂ ਬਾਹਰ ਤਾਂ ਹੀ ਨਹੀਂ ਨਿਕਲ ਰਹੇ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਕੋਲ ਲੋਕਾਂ ਨੂੰ ਦੱਸਣ ਲਈ ਕੁੱਝ ਵੀ ਨਹੀਂ ਹੈ ਉਹ ਹੁਣ ਲੋਕਾਂ ਤੋਂ ਡਰਦੇ ਘਰੋਂ ਬਾਹਰ ਨਹੀਂ ਨਿਕਲ ਰਹੇ।
ਇਸ ਮੌਕੇ ਸੁਖਬੀਰ ਬਾਦਲ ਨੇ ਕੁਲਬੀਰ ਜ਼ੀਰਾ 'ਤੇ ਬੋਲਦਿਆਂ ਕਿਹਾ ਕਿ ਕਾਂਗਰਸ ਦੇ ਹੀ ਵਿਧਾਇਕ ਹੁਣ ਕਾਂਗਰਸ ਦੀ ਪੋਲ ਖੋਲ੍ਹੀ ਜਾ ਰਹੇ ਹਨ।