ਸ਼੍ਰੀ ਫ਼ਤਹਿਗੜ੍ਹ ਸਾਹਿਬ : ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਹਰਾ ਭਰਾ ਅਤੇ ਸ਼ੁੱਧ ਵਾਤਾਵਾਰਣ ਦੇਣ ਦੇ ਲਈ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਦੇ ਤਹਿਤ 1 ਲੱਖ 25 ਹਜ਼ਾਰ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਤਹਿਤ ਪੰਜਾਬ ਮੰਡੀ ਬੋਰਡ ਵੱਲੋਂ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਚਨਾਰਥਲ ਕਲਾਂ ਮੰਡੀ ਤੋਂ ਕੀਤੀ ਗਈ। ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਅਤੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਬੂਟੇ ਲਗਾਏ।
ਲੋਕਾਂ ਨੂੰ ਕੀਤੀ ਗਈ ਵਾਤਾਵਰਣ ਸੰਭਾਲ ਦੀ ਅਪੀਲ : ਇਸ ਮੌਕੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ 50 ਹਜ਼ਾਰ ਪੌਦੇ ਲਾਉਣ ਦਾ ਟੀਚਾ ਇਕੱਲਾ ਮੰਡੀ ਬੋਰਡ ਵੱਲੋਂ ਹੀ ਮਿੱਥਿਆ ਗਿਆ ਹੈ। ਉਹਨਾਂ ਕਿਹਾ ਕਿ ਇਹ ਪੌਦੇ ਵੱਖ-ਵੱਖ ਮੰਡੀਆਂ ਅਤੇ ਮਾਰਕੀਟ ਕਮੇਟੀਆਂ ਦੇ ਦਫਤਰਾਂ ਵਿੱਚ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਮਨੁੱਖੀ ਜੀਵਨ ਦੇ ਲਈ ਪੌਦਿਆਂ ਦਾ ਹੋਣਾ ਬਹੁਤ ਜ਼ਰੂਰੀ ਹੈ। ਕਿੳਂਕਿ ਪੌਦੇ ਸਾਨੂੰ ਆਕਸੀਜਨ ਮੁਹੱਈਆ ਕਰਵਾਉਂਦੇ ਹਨ, ਜਿਸ ਦੇ ਨਾਲ ਮਨੁੱਖ ਸਾਹ ਲੈਂਦਾ ਹੈ। ਉੱਥੇ ਹੀ ਚੇਅਰਮੈਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਨੂੰ ਸੰਭਾਲ ਕੇ ਤੇ ਪ੍ਰਦੂਸ਼ਿਤ ਮੁਕਤ ਰੱਖਣ ਦੇ ਵੱਧ ਤੋਂ ਵੱਧ ਬੂਟੇ ਲਗਾਏ ਜਾਣ।
ਇਸ ਮੌਕੇ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਪੌਦੇ ਜਿੱਥੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਂਦੇ ਹਨ, ਉੱਥੇ ਹੀ ਸਾਨੂੰ ਸਾਹ ਲੈਣ ਦੇ ਲਈ ਸਹਾਈ ਹੁੰਦੇ ਹਨ। ਉਹਨਾਂ ਹਰ ਗ੍ਰਾਮ ਪੰਚਾਇਤ ਨੂੰ ਅਪੀਲ ਕਰਦਿਆਂ ਆਖਿਆ ਕਿ ਹਰ ਪਿੰਡ ਦੇ ਵਿੱਚ ਆਬਾਦੀ ਤੋਂ ਦੋ ਗੁਣਾਂ ਪੌਦੇ ਲਗਾਏ ਜਾਣ। ਉਹਨਾਂ ਕਿਹਾ ਕਿ ਬੂਟੇ ਲਗਾਕੇ ਉਹਨਾਂ ਦੀ ਸਾਂਭ-ਸੰਭਾਲ ਨੂੰ ਵੀ ਯਕੀਨੀ ਬਣਾਇਆ ਜਾਵੇ।