ਫ਼ਤਹਿਗੜ੍ਹ ਸਾਹਿਬ : ਸੁਰਾਂ ਦੇ ਬਾਦਸ਼ਾਹ ਸਰਦੂਲ ਸਿਕੰਦਰ ਜਿਨ੍ਹਾਂ ਦਾ ਬੀਤੇ ਦਿਨੀਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦਿਹਾਂਤ ਹੋ ਗਿਆ ਸੀ ਦਾ ਅੱਜ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਪੈਂਦੇ ਜੱਦੀ ਪਿੰਡ ਖੇੜੀ ਨੌਧ ਸਿੰਘ ਵਿਖੇ ਪੂਰੀਆਂ ਧਾਰਮਿਕ ਰਸਮਾਂ ਨਾਲ ਸਪੁਰਦ-ਏ-ਖਾਕ ਕਰ ਦਿੱਤਾ ਗਿਆ। ਸਰਦੂਲ ਸਿਕੰਦਰ ਦੇ ਇਸ ਫਾਨੀ ਸੰਸਾਰ ਤੋਂ ਅਲਵਿਦਾ ਹੋਣ ਨਾਲ ਸੰਗੀਤ ਜਗਤ, ਪ੍ਰੇਮੀਆਂ, ਉਨ੍ਹਾਂ ਦੇ ਚਾਹੁਣ ਵਾਲਿਆਂ ਦੋਸਤ ਮਿੱਤਰਾਂ ਅਤੇ ਖਾਸਕਰ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ।
ਦੱਸ ਦਈਏ ਕਿ ਸਰਦੂਲ ਸਿਕੰਦਰ ਲਗਪਗ ਪਿਛਲੇ ਡੇਢ ਮਹੀਨੇ ਤੋਂ ਬਿਮਾਰ ਚਲੇ ਆ ਰਹੇ ਸਨ। ਅੱਜ ਦੁਪਹਿਰ ਲਗਭਗ ਬਾਰਾਂ ਵਜੇ ਸਰਦੂਲ ਸਿਕੰਦਰ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਖੰਨਾ ਸਥਿਤ ਨਿਵਾਸ ਤੋਂ ਸਪੈਸ਼ਲ ਵੈਨ ਰਾਹੀਂ ਖੰਨਾ ਦੇ ਵੱਖ ਵੱਖ ਥਾਵਾਂ ਅਤੇ ਪਿੰਡਾਂ ਤੋਂ ਹੁੰਦੇ ਹੋਏ ਉਨ੍ਹਾਂ ਦੇ ਜੱਦੀ ਪਿੰਡ ਖੇੜੀ ਨੌਧ ਸਿੰਘ ਵਿਖੇ ਲਿਜਾਇਆ ਗਿਆ। ਜਿੱਥੇ ਪਹਿਲਾਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਘਰ ਲਿਜਾਇਆ ਗਿਆ ਜਿੱਥੇ ਪਿੰਡ ਅਤੇ ਇਲਾਕਾ ਨਿਵਾਸੀਆਂ ਨੇ ਉਨ੍ਹਾਂ ਦੇ ਅੰਤਿਮ ਦਰਸ਼ਨ ਕੀਤੇ।
ਇਸ ਉਪਰੰਤ ਉਨ੍ਹਾਂ ਦਾ ਧਾਰਮਿਕ ਰਸਮਾਂ ਮੁਤਾਬਕ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ। ਇਸ ਮੌਕੇ ਹਲਕਾ ਬਸੀ ਪਠਾਣਾਂ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਅਤੇ ਪੁਲੀਸ ਦੇ ਆਲਾ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਮੌਕੇ ਸੰਗੀਤ ਸਮਰਾਟ ਸਚਿਨ ਆਹੂਜਾ, ਤੇਜਵੰਤ ਕਿੱਟੂ, ਗੁਰਦਾਸ ਮਾਨ, ਭਗਵੰਤ ਮਾਨ, ਪ੍ਰਸਿੱਧ ਗਾਇਕ ਦੁਰਗਾ ਰੰਗੀਲਾ, ਬੱਬੂ ਮਾਨ, ਇੰਦਰਜੀਤ ਨਿੱਕੂ, ਸੁਖਵਿੰਦਰ ਸੁੱਖੀ, ਕਮਲ ਖ਼ਾਨ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬਾਲ ਮੁਕੰਦ ਸ਼ਰਮਾ ਅਤੇ ਹੋਰ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੇ ਜਨਾਬ ਸਰਦੂਲ ਸਿਕੰਦਰ ਨੂੰ ਸ਼ਰਧਾਂਜਲੀਆਂ ਦਿੱਤੀਆਂ।