ਫ਼ਤਿਹਗੜ੍ਹ ਸਾਹਿਬ: ਪੰਜਾਬੀ ਗਾਇਕ ਦਿਲਪ੍ਰੀਤ ਦੇ ਪਿਤਾ ਕੁਲਦੀਪ ਸਿੰਘ ਢਿੱਲੋਂ 14 ਜਨਵਰੀ ਤੋਂ ਸ਼ੱਕੀ ਹਾਲਾਤਾਂ 'ਚ ਲਾਪਤਾ ਹੋ ਗਏ ਸੀ, ਜਿਨ੍ਹਾਂ ਦਾ ਹਾਲੇ ਤੱਕ ਕੋਈ ਸੁਰਾਗ਼ ਨਹੀਂ ਮਿਲ ਸਕਿਆ। ਬੱਸੀ ਪਠਾਣਾਂ ਦੀ ਪੁਲਿਸ ਵੱਲੋਂ ਸੂਬੇ ਦੇ ਸਾਰੇ ਥਾਣਿਆਂ ਨੂੰ ਇਤਲਾਹ ਦਿੰਦੇ ਹੋਏ ਲਾਪਤਾ ਕੁਲਦੀਪ ਸਿੰਘ ਢਿੱਲੋਂ ਦੀ ਭਾਲ ਜਾਰੀ ਹੈ।
ਇਸਦੇ ਨਾਲ-ਨਾਲ ਗੋਤਾਖੋਰ ਵੀ ਭਾਖੜਾ ਨਹਿਰ ਵਿੱਚੋਂ ਦਿਲਪ੍ਰੀਤ ਢਿੱਲੋਂ ਦੇ ਪਿਤਾ ਦੀ ਤਲਾਸ਼ ਕਰ ਰਹੇ ਹਨ। ਪੰਜਾਬੀ ਗਾਇਕਾਂ ਅਤੇ ਅਦਾਕਾਰਾਂ ਵੱਲੋਂ ਵੀ ਸ਼ੋਸ਼ਲ ਮੀਡੀਆ ਉੱਪਰ ਦਿਲਪ੍ਰੀਤ ਦੇ ਪਿਤਾ ਦੀ ਤਸਵੀਰ ਪੋਸਟ ਕਰਕੇ ਉਨ੍ਹਾਂ ਨੂੰ ਲੱਭਣ 'ਚ ਮਦਦ ਮੰਗੀ ਜਾ ਰਹੀ ਹੈ।
ਪਤੀ ਨਾਲ ਗਿਲੇ ਸ਼ਿਕਵੇ ਹੋਣ ਦੇ ਬਾਵਜੂਦ ਦਿਲਪ੍ਰੀਤ ਦੀ ਸਾਬਕਾ ਪਤਨੀ ਅੰਬਰ ਧਾਲੀਵਾਲ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਸਟੋਰੀ ਅਪਲੋਡ ਕਰਦਿਆਂ ਦਿਲਪ੍ਰੀਤ ਲਈ ਮਦਦ ਮੰਗੀ। ਅੰਬਰ ਨੇ ਲਿਖਿਆ ਕਿ ਮਾਤਾ ਪਿਤਾ ਸਾਰਿਆਂ ਦੇ ਸਾਂਝੇ ਹੁੰਦੇ ਹਨ। ਜੇਕਰ ਕਿਸੇ ਨੂੰ ਕੋਈ ਸੁਰਾਗ਼ ਮਿਲਦਾ ਹੈ ਤਾਂ ਜ਼ਰੂਰ ਦੱਸਿਆ ਜਾਵੇ।
ਬੱਸੀ ਪਠਾਣਾਂ ਦੇ ਸਹਾਇਕ ਥਾਣੇਦਾਰ ਹਰਿੰਦਰ ਸਿੰਘ ਨੇ ਕਿਹਾ ਕਿ 14 ਜਨਵਰੀ ਨੂੰ ਕੁਲਦੀਪ ਸਿੰਘ ਢਿੱਲੋਂ ਲਾਪਤਾ ਹੋ ਗਏ ਸੀ। ਜਿਨ੍ਹਾਂ ਦੀ ਗੁੰਮਸ਼ੁਦਗੀ ਰਿਪੋਰਟ ਉਨ੍ਹਾਂ ਦੇ ਪੁੱਤਰ ਦਿਲਪ੍ਰੀਤ ਢਿੱਲੋਂ ਵੱਲੋਂ ਬੱਸੀ ਪਠਾਣਾਂ ਵਿਖੇ ਦਰਜ ਕਰਵਾਈ ਗਈ ਹੈ। ਪੁਲਿਸ ਲਾਪਤਾ ਕੁਲਦੀਪ ਸਿੰਘ ਦੀ ਭਾਲ ਕਰ ਰਹੀ ਹੈ। ਇਸ ਬਾਬਤ ਸਾਰੇ ਥਾਣਿਆਂ ਨੂੰ ਇਤਲਾਹ ਕਰ ਦਿੱਤੀ ਗਈ ਹੈ।