ਸ੍ਰੀ ਫ਼ਤਿਹਗੜ੍ਹ ਸਾਹਿਬ: ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਨਗਰੀ ਅਤੇ ਪੰਜਾਬ ਦੀ ਸਭ ਤੋਂ ਅਮੀਰ ਮੰਡੀ ਅਖਵਾਉਣ ਵਾਲੀ ਮੰਡੀ ਗੋਬਿੰਦਗੜ੍ਹ ਪੰਜਾਬ ਦਾ ਇਡਸਟਰੀ ਹੱਬ ਹੈ। ਇੰਡਸਟਰੀ ਹੱਬ ਹੋਣ ਕਰਕੇ ਇਥੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਟ੍ਰਾਂਸਪੋਰਟ ਦੀ ਆਵਾਜਾਈ ਹੁੰਦੀ ਹੈ। ਇਸ ਦੇ ਚੱਲਦੇ ਟਰਾਂਸਪੋਰਟਰਾਂ ਦੀ ਸਹੂਲਤ ਲਈ ਇਥੇ 2005 ਵਿੱਚ ਟ੍ਰਾਂਸਪੋਰਟ ਨਗਰ ਬਣਾਇਆ ਗਿਆ ਸੀ, ਪਰ ਇਸ ਟ੍ਰਾਂਸਪੋਰਟ ਨਗਰ ਦੀ ਮੌਜੂਦਾ ਹਾਲਤ ਤਰਸਯੋਗ ਬਣੀ ਹੋਈ ਹੈ।
ਟ੍ਰਾਂਸਪੋਰਟਰਾਂ ਨੇ ਦੱਸਿਆ ਕਿ ਇਹ ਟ੍ਰਾਂਸਪੋਰਟ ਨਗਰ ਸ਼ਹਿਰ ਤੋਂ 7 ਕਿਲੋਮੀਟਰ ਦੂਰ ਬਣਿਆ ਹੋਇਆ ਹੈ ਅਤੇ ਉਥੇ ਜਾਣ ਲਈ 10 ਕਿਲੋਮੀਟਰ ਸਰਹਿੰਦ ਵਾਲੇ ਪਾਸਿਓਂ ਘੁੰਮ ਕੇ ਜਾਣਾ ਪੈਂਦਾ ਹੈ। ਇਸ ਦਾ ਇੱਕ ਹੋਰ ਕਾਰਨ ਇਹ ਵੀ ਹੈ ਕਿ ਉਥੇ ਜਾਣ ਦਾ ਰਸਤਾ ਬਿਲਕੁਲ ਖ਼ਸਤਾ ਹੈ ਜਿਸ ਨਾਲ ਵਾਹਨਾਂ ਦਾ ਨੁਕਸਾਨ ਹੁੰਦਾ ਹੈ। ਇਸ ਦੇ ਨਾਲ ਹੀ ਟ੍ਰਾਂਸਪੋਰਟਰਾਂ ਨੇ ਦੱਸਿਆ ਕਿ ਇਸ ਨੂੰ ਨਗਰ ਕਾਊਂਸਲ ਵੱਲੋਂ ਕੂੜੇ ਦਾ ਬਣਾ ਦਿੱਤਾ ਗਿਆ ਹੈ, ਜਿਸ ਕਰਕੇ ਉਨ੍ਹਾਂ ਨੂੰ ਉਥੇ ਬੈਠਣਾ ਵੀ ਮੁਸ਼ਕਿਲ ਹੋ ਜਾਂਦਾ ਹੈ।
ਟ੍ਰਾਂਸਪੋਰਟ ਨਗਰ ਦੇ ਮੌਜੂਦਾ ਹਾਲਾਤ
ਕਰੋੜਾਂ ਦੀ ਲਾਗਤ ਨਾਲ ਬਣਿਆ ਟ੍ਰਾਂਸਪੋਰਟ ਨਗਰ ਜਿੱਥੇ ਬਾਹਰੀ ਰਾਜਾਂ ਤੋਂ ਮੰਡੀ ਗੋਬਿੰਦਗੜ੍ਹ ਵਿੱਚ ਮਾਲ ਲੈ ਕੇ ਆਉਣ ਵਾਲੇ ਡਰਾਈਵਰਾਂ ਦੇ ਲਈ ਸੁੱਖ ਸਹੂਲਤਾਂ ਦੇਣ ਲਈ ਬਣਾਇਆ ਗਿਆ ਸੀ ਪਰ ਹੁਣ ਉਹ ਖੰਡਰ ਦਾ ਰੂਪ ਧਾਰਨ ਕਰ ਚੁੱਕਿਆ ਹੈ। ਬਣੀ ਹੋਈ ਬਿਲਡਿੰਗ ਦੇ ਵਿੱਚ ਟੁੱਟੀਆਂ ਹੋਈਆਂ ਖਿੜਕੀਆਂ ਅਤੇ ਦਰਵਾਜ਼ੇ ਹਨ ਅਤੇ ਇੱਥੇ ਬਣੇ ਹੋਏ ਬਾਥਰੂਮਾਂ ਵਿੱਚ ਨਾ ਤਾਂ ਟੂਟੀਆਂ ਹਨ ਅਤੇ ਨਾ ਹੀ ਕੋਈ ਪਾਣੀ ਦਾ ਪ੍ਰਬੰਧ ਹੈ।
ਮੌਜੂਦਾ ਹਾਲਾਤਾਂ ਦਾ ਕਾਰਨ
ਮੰਡੀ ਗੋਬਿੰਦਗੜ੍ਹ ਦੇ ਗੁਡਸ ਟ੍ਰਾਂਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਮਦਨ ਨੇ ਮੌਜੂਦਾ ਹਾਲਾਤ ਦੇ ਕਾਰਨਾਂ ਬਾਰੇ ਦੱਸਦੇ ਹੋਏ ਕਿਹਾ ਕਿ ਟ੍ਰਾਂਸਪੋਰਟ ਨਗਰ ਸ਼ਹਿਰ ਤੋਂ ਕਰੀਬ 7-8 ਕਿਲੋਮੀਟਰ ਦੂਰ ਹੈ। ਉਨ੍ਹਾਂ ਦੱਸਿਆ ਕਿ ਉਥੇ ਜਾਣ ਲਈ ਨਾ ਤਾਂ ਕੋਈ ਸਹੀ ਰਸਤਾ ਹੈ ਅਤੇ ਨਾ ਹੀ ਉਥੇ ਕੋਈ ਸੜਕਾਂ ਦਾ ਵਧੀਆ ਪ੍ਰਬੰਧ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦਿੱਲੀ ਨੈਸ਼ਨਲ ਹਾਈਵੇਅ ਬਣਨ ਦੇ ਕਾਰਨ ਟ੍ਰਾਂਸਪੋਰਟ ਨਗਰ ਨੂੰ ਜਾਣ ਲਈ ਕੋਈ ਕੱਟ ਨਹੀਂ ਹੈ।
ਕਦੋਂ ਬਣਿਆ ਸੀ ਟ੍ਰਾਂਸਪੋਰਟ ਨਗਰ
ਟ੍ਰਾਂਸਪੋਰਟ ਨਗਰ ਦਾ ਨੀਂਹ ਪੱਥਰ ਅਕਾਲੀ ਭਾਜਪਾ ਗੱਠਜੋੜ ਸਰਕਾਰ ਵੱਲੋਂ 20 ਦਸੰਬਰ 2001 ਨੂੰ ਉਸ ਸਮੇਂ ਦੇ ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਸਵ. ਕੈਪਟਨ ਕੰਵਲਜੀਤ ਵੱਲੋਂ ਰੱਖਿਆ ਗਿਆ ਸੀ। 3 ਕਰੋੜ ਦੀ ਲਾਗਤ ਨਾਲ ਚਤਰਪੁਰਾ ਵਿਖੇ 7 ਏਕੜ ਜ਼ਮੀਨ 'ਤੇ ਬਣੇ ਇਸ ਟ੍ਰਾਂਸਪੋਰਟ ਨਗਰ ਦਾ ਉਦਘਾਟਨ 20 ਅਕਤੂਬਰ 2005 ਵਿੱਚ ਕਾਂਗਰਸ ਸਰਕਾਰ ਵੱਲੋਂ ਸਥਾਨਕ ਸਰਕਾਰਾਂ ਮੰਤਰੀ ਚੌਧਰੀ ਜਗਜੀਤ ਸਿੰਘ ਵੱਲੋਂ ਕੀਤਾ ਗਿਆ ਸੀ। ਇਸ ਟ੍ਰਾਂਸਪੋਰਟ ਨਗਰ ਨੂੰ ਬਣਾਉਣ ਦਾ ਮੁੱਖ ਕਾਰਨ ਸ਼ਹਿਰ ਵਿੱਚੋਂ ਟ੍ਰੈਫਿਕ ਨੂੰ ਖ਼ਤਮ ਕਰਨਾ ਸੀ।