ਸ੍ਰੀ ਫ਼ਤਿਹਗੜ੍ਹ ਸਾਹਿਬ: ਜਿਥੇ ਇੱਕ ਪਾਸੇ ਸੂਬਾ ਸਰਕਾਰ ਆਮ ਜਨਤਾ ਦੀਆਂ ਸੁਵਿਧਾਵਾਂ ਲਈ 'ਮਿਸ਼ਨ ਤੰਦਰੁਸਤ ਪੰਜਾਬ' ਵਰਗੀ ਯੋਜਨਾ ਲਾਗੂ ਕਰ ਰਹੀ ਹੈ ਪਰ ਦੂਜੇ ਹੀ ਇਸ ਦਾ ਅੰਦਾਜ਼ਾ ਸ਼ਹਿਰ ਵਿੱਚ ਪੈਂਦੇ ਸਿਵਲ ਹਸਪਤਾਲ ਨੂੰ ਵੇਖ ਕੇ ਲਗਾਇਆ ਜਾ ਸਕਦਾ ਹੈ ਕਿ ਸਰਕਾਰ ਆਮ ਜਨਤਾ ਨੂੰ ਸੁੱਖ ਸਹੂਲਤਾਂ ਮੁਹੱਈਆ ਕਰਵਾਉਣ ਨੂੰ ਲੈ ਕੇ ਕਿੰਨੀ ਗੰਭੀਰ ਹੈ। ਸ਼ਹਿਰ 'ਚ ਹਸਪਤਾਲ ਦੇ ਨਾਮ 'ਤੇ ਬਿਲਡਿੰਗ ਤਾਂ ਹੈ ਪਰ ਉਸ ਦੀ ਹਾਲਤ ਕਾਫੀ ਖਸਤਾ ਹੈ। ਸਿਵਲ ਹਸਪਤਾਲ ਦੀ ਹਾਲਤ ਜ਼ਿਆਦਾ ਚੰਗੀ ਨਾ ਹੋਣ ਦੇ ਚਲਦੇ ਇਲਾਜ ਲਈ ਆਉਣ ਵਾਲੇ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਮਰੀਜ਼ਾਂ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਡਾਕਟਰਾਂ ਅਤੇ ਸੰਸਾਧਨਾਂ ਦੀ ਬਹੁਤ ਵੱਡੀ ਕਮੀ ਹੈ ।ਜਿਸ ਕਾਰਨ ਆਮ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਹੁੰਦੀ ਹੈ। ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਹਸਪਤਾਲ 'ਚ ਡਾਕਟਰ ਹੀ ਨਹੀਂ ਮਿਲਦੇ ਅਤੇ ਡਾਕਟਰ ਬਾਰੇ ਪੁੱਛਣ 'ਤੇ ਕੋਈ ਜਵਾਬ ਨਹੀਂ ਮਿਲਦਾ ਜਿਸ ਕਰਕੇ ਉਹ ਡਾਕਟਰ ਨੂੰ ਮਿਲੇ ਬਿਨਾਂ ਹੀ ਪਰਤ ਜਾਂਦੇ ਹਨ। ਪਰ ਜੇਕਰ ਕੋਈ ਡਾਕਟਰ ਮੌਜੂਦ ਵੀ ਹੁੰਦੇ ਹਨ ਉਹ ਵੀ ਕੁੱਝ ਦੇਰ ਬਾਅਦ ਗਾਇਬ ਹੋ ਜਾਂਦੇ ਹਨ। ਹਸਪਤਾਲ ਦੇ ਕਮਰਿਆਂ ਦੀ ਗੱਲ ਕਰੀਏ ਤਾਂ ਕਮਰਿਆਂ ਦੀ ਹਾਲਤ ਬੇਹੱਦ ਖਸਤਾ ਹਾਲਤ ਹੈ। ਮੀਂਹ ਦੇ ਦਿਨਾਂ ਵਿੱਚ ਸਾਰੇ ਕਮਰਿਆਂ 'ਚ ਪਾਣੀ ਭਰ ਜਾਂਦਾ ਹੈ ਜਿਸ ਕਾਰਨ ਮਰੀਜ਼ ਬਹੁਤ ਪਰੇਸ਼ਾਨ ਹੁੰਦੇ ਹਨ।
ਇਸ ਸਬੰਧੀ ਜਦ ਸਿਵਲ ਹਸਪਤਾਲ ਦੇ ਸੀਨੀਅਰ ਮੈਡਿਕਲ ਅਫਸਰ(ਐਸ.ਐਮ.ਓ.) ਹਰਭਜਨ ਰਾਮ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਹਸਪਤਾਲ ਵਿੱਚ ਸਟਾਫ਼ ਦੀ ਕਮੀ ਦੇ ਚਲਦੇ ਮਰੀਜ਼ਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜੇਕਰ ਜ਼ਰੂਰਤ ਦੇ ਹਿਸਾਬ ਨਾਲ ਡਾਕਟਰ ਮਿਲ ਜਾਣ ਤਾਂ ਕਾਫ਼ੀ ਹੱਦ ਤੱਕ ਮੁਸ਼ਕਿਲ ਹੱਲ ਹੋ ਸਕਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਸਪਤਾਲ 'ਚ ਜਿੰਨੀ ਦਵਾਈ ਆਉਂਦੀ ਹੈ ਉਹ ਸਰਕਾਰ ਦੇ ਵੇਅਰਹਾਊਸ ਵੱਲੋਂ ਆਉਂਦੀ ਹੈ ਅਤੇ ਉੱਥੇ ਜਿੰਨੀ ਦਵਾਈ ਉਪਲੱਬਧ ਹੁੰਦੀ ਹੈ ਉਹ ਸਾਨੂੰ ਮਿਲ ਜਾਂਦੀ ਹੈ। ਇੱਥੇ ਉਹ ਸਾਰੀਆਂ ਦਵਾਈਆਂ ਮਰੀਜਾਂ ਨੂੰ ਦੇ ਦਿੱਤੀਆਂ ਜਾਂਦੀਆਂ ਹਨ।