ਸ੍ਰੀ ਫਤਿਹਗੜ੍ਹ ਸਾਹਿਬ: ਜ਼ਿਲ੍ਹੇ ਦੇ ਸਰਹਿੰਦ ਸਾਨੀਪੁਰ ਰੋਡ ’ਤੇ ਪਿਛਲੇ ਲੰਬੇ ਸਮੇਂ ਤੋਂ ਸੜਕ ਦੀ ਉਸਾਰੀ ਦਾ ਕੰਮ ਨਹੀਂ ਹੋਣ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁੱਸਾਏ ਲੋਕਾਂ ਨੇ ਸਾਬਕਾ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਬਲਜੀਤ ਸਿੰਘ ਭੁੱਟਾ ਦੀ ਅਗਵਾਈ ’ਚ ਸੜਕ ’ਤੇ ਝੋਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ।
ਇਸ ਮੌਕੇ ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਸ ਇਲਾਕੇ ਵਿੱਚ 4 ਅਪਾਹਿਜ ਰਹਿੰਦੇ ਹਨ, ਜਿਨ੍ਹਾਂ ਨੂੰ ਜੇਕਰ ਕੀਤੇ ਲੈਕੇ ਜਾਣਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਮੋਢਿਆਂ ਉੱਤੇ ਲੈ ਕੇ ਜਾਣਾ ਪੈਂਦਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਸੜਕ ਦਾ ਪਿਛਲੇ 5 ਮਹੀਨੇ ਤੋਂ ਇਹੀ ਹਾਲ ਹੈ। ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਨੇਤਾ ਉਨ੍ਹਾਂ ਦੀ ਸਾਰ ਨਹੀਂ ਲੈਣ ਆਇਆ। ਜਿਸ ਕਰਕੇ ਉਹ ਪਿਛਲੇ ਕਈ ਮਹੀਨਿਆਂ ਤੋਂ ਉਹ ਨਰਕ ਭਰੀ ਜਿੰਦਗੀ ਜਿਉਣ ਨੂੰ ਮਜਬੂਰ ਹਨ।
ਉੱਥੇ ਹੀ ਬਲਜੀਤ ਭੁੱਟਾ ਦਾ ਕਹਿਣਾ ਸੀ ਕਿ ਇਹ ਰਸਤਾ ਕਈ ਪਿੰਡਾਂ ਨੂੰ ਜੋੜਦਾ ਹੈ ਪਰ ਸੜਕ ਤੋੜਨ ਦੇ ਬਾਅਦ ਸੜਕ ਦਾ ਕੰਮ ਵਿੱਚ ਹੀ ਛੱਡ ਦਿੱਤਾ ਗਿਆ, ਜਿਸ ਕਾਰਨ ਮੀਂਹ ਦੇ ਦਿਨਾਂ ਵਿੱਚ ਸੜਕ ਵਿੱਚ ਪਏ ਟੋਇਆ ਵਿੱਚ ਪਾਣੀ ਭਰ ਜਾਣ ਦੀ ਵਜ੍ਹਾ ਕਰਕੇ ਇਹ ਰਸਤਾ ਜਾਮ ਹੋ ਜਾਂਦਾ ਹੈ। ਜਿਸ ਕਾਰਨ ਇੱਥੋਂ ਨਾ ਕੋਈ ਆ ਸਕਦਾ ਹੈ ਤੇ ਨਾ ਜਾ ਸਕਦਾ ਹੈ। ਪਾਣੀ ਖੜ੍ਹਾ ਹੋਣ ਕਾਰਨ ਇਸ ਸੜਕ ਦੀ ਹਾਲਾਤ ਖੇਤਾਂ ਵਰਗੀ ਬਣ ਜਾਂਦੀ ਹੈ ਜਿੱਥੇ ਝੋਨੇ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ। ਇਸ ਲਈ ਉਨ੍ਹਾਂ ਵੱਲੋਂ ਇਸ ਸੜਕ ’ਤੇ ਝੋਨੇ ਦੀ ਬਿਜਾਈ ਕਰ ਆਪਣਾ ਰੋਸ਼ ਜਾਹਿਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸਰਕਾਰ ਕੋਲੋਂ ਅਪੀਲ ਕੀਤੀ ਹੈ ਕਿ ਉਹ ਇਸ ਵੱਲ ਧਿਆਨ ਦੇਣ ਅਤੇ ਜਲਦ ਹੀ ਇਸ ਸੜਕ ਦਾ ਕੰਮ ਕਰਵਾਇਆ ਜਾਵੇ।