ਸ੍ਰੀ ਫ਼ਤਿਹਗੜ੍ਹ ਸਾਹਿਬ: ਪੰਜਾਬ ਸਰਕਾਰ ਪੰਜਾਬ ਦੇ ਵਿਕਾਸ ਲਈ ਵੱਡੇ-ਵੱਡੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਜਦੋਂ ਇਸ ਦੀ ਜ਼ਮੀਨੀ ਹਕੀਕਤ ਵੱਲ ਧਿਆਨ ਦੇਈਏ ਤਾਂ ਸਰਕਾਰ ਦੇ ਦਾਅਵੇ ਖੋਖਲੇ ਨਜ਼ਰ ਆਉਂਦੇ ਹਨ। ਜੇਕਰ ਗੱਲ ਕਰੀਏ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਅੰਬੇ ਮਾਜਰਾ ਦੀ ਤਾਂ ਇੱਥੇ ਦੀ ਸੜਕ ਉੱਤੇ ਵੱਡੇ-ਵੱਡੇ ਟੋਏ ਪਏ ਹੋਏ ਹਨ ਜਿਸ ਨਾਲ ਰਾਹਗੀਰਾਂ ਤੇ ਸਥਾਨਕ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਥਾਨਕ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇੱਥੇ ਰਹਿੰਦਿਆਂ 20 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਤੇ ਉਦੋਂ ਤੋਂ ਹੀ ਇਸ ਸੜਕ ਦੀ ਹਾਲਤ ਖ਼ਸਤਾ ਹੈ। ਉਨ੍ਹਾਂ ਕਿਹਾ ਕਿ ਇਹ ਸੜਕ ਤਕਰੀਬਨ 25 ਪਿੰਡਾਂ ਨੂੰ ਹਾਈਵੇ ਨਾਲ ਜੋੜਦੀ ਹੈ ਤੇ ਇੱਥੇ 40 ਦੇ ਕਰੀਬ ਲੋਹੇ ਦੀਆਂ ਮਿੱਲਾਂ ਹਨ ਜਿਸ ਕਾਰਨ ਇੱਥੇ ਆਵਾਜਾਈ ਵੀ ਵੱਧ ਹੁੰਦੀ ਹੈ ਤੇ ਵੱਡੇ ਵਾਹਨਾਂ ਦੀ ਆਉਣ ਜਾਣ ਲਗਾ ਰਹਿੰਦਾ ਹੈ ਪਰ ਟੋਏ ਹੋਣ ਕਾਰਨ ਇਥੋਂ ਦੀ ਲੰਘਣ ਵੇਲੇ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਬਰਸਾਤਾਂ ਵਿੱਚ ਇਹ ਸੜਕ ਮੀਂਹ ਦੇ ਪਾਣੀ ਨਾਲ ਜਲਥਲ ਹੋ ਜਾਂਦੀ ਹੈ ਜਿਸ ਨਾਲ ਇੱਥੇ ਚੀਕੜ ਜਮਾਂ ਹੋ ਜਾਂਦਾ ਹੈ। ਚੀਕੜ ਦੇ ਹੋਣ ਨਾਲ ਭਾਰੀ ਵਾਹਨਾਂ ਨੂੰ ਨਿਕਲਣ ਵਿੱਚ ਖ਼ਾਸੀ ਪਰੇਸ਼ਾਨੀ ਹੁੰਦੀ ਹੈ। ਕਈ ਵਾਰ ਤਾਂ ਭਾਰੀ ਵਾਹਨਾਂ ਨੂੰ ਕਢਾਉਣ ਲਈ ਕਰੇਨਾਂ ਦਾ ਸਹਾਰਾ ਲੈਣਾ ਪੈਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਸੜਕ ਦੀ ਹਾਲਤ ਖ਼ਸਤਾ ਹੋਣ ਕਾਰਨ ਇੱਥੇ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ ਪਰ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਪਹਿਲਾਂ ਇੱਥੇ ਟੋਏ ਜ਼ਿਆਦੇ ਡੂੱਘੇ ਸੀ ਜਿਸ ਨੂੰ ਪਿੰਡ ਵਾਲਿਆਂ ਨੇ ਮਿੱਟੀ ਪਾ ਕੇ ਭਰ ਦਿੱਤਾ ਹੈ। ਵਾਹਨਾ ਦੀ ਆਵਾਜਾਈ ਹੋਣ ਕਾਰਨ ਮਿੱਟੀ ਵੀ ਥੱਲੇ ਚਲੀ ਗਈ ਹੈ। ਟਰੱਕ ਡਰਾਈਵਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸੜਕ ਸਿੱਧੀ ਮੁਲਾਂਪੁਰ ਨੂੰ ਜਾਂਦੀ ਹੈ ਤੇ ਇਹ ਸਾਰੀ ਸੜਕ ਹੀ ਟੋਇਆਂ ਨਾਲ ਭਰੀ ਹੋਈ ਹੈ ਜਿਸ ਕਰਕੇ ਉਹ ਇੱਥੇ ਦੀ ਲੰਘਣਾ ਪਸੰਦ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਇੱਥੇ ਕੋਈ ਕੰਮ ਹੁੰਦਾ ਹੈ ਤਾਂ ਦੂਜੇ ਰਸਤਿਆਂ ਦੀ ਲੰਘਦੇ ਹਨ ਜਿਸ ਦੀ ਸੜਕ ਠੀਕ ਹੈ।
ਪ੍ਰਸ਼ਾਸਨਿਕ ਅਧਿਕਾਰੀ ਐਸਡੀਐਮ ਆਨੰਦ ਸਾਗਰ ਸ਼ਰਮਾ ਨੇ ਕਿਹਾ ਕਿ ਇਸ ਸੜਕ 'ਤੇ ਸੀਵਰੇਜ ਪੈਣ ਵਾਲਾ ਹੈ ਜਿਸ ਕਰਕੇ ਇਹ ਸੜਕ ਅਜੇ ਨਹੀਂ ਬਣੀ। ਸੜਕ ਉੱਤੇ ਜੋ ਟੋਏ ਹਨ ਉਨ੍ਹਾਂ ਨੂੰ ਜਲਦ ਭਰ ਦਿੱਤਾ ਜਾਵੇਗਾ। ਪੀਡਬਲਯੂ ਦੇ ਵਲੋਂ ਇਸ ਸੜਕ ਦਾ ਸਾਢੇ ਤਿੰਨ ਕਰੋੜ ਦਾ ਬਜਟ ਤਿਆਰ ਕੀਤਾ ਗਿਆ ਹੈ। ਸੀਵਰੇਜ ਪੈਣ ਅਤੇ ਬਰਸਾਤੀ ਮੌਸਮ ਤੋਂ ਬਾਅਦ ਹੀ ਸੜਕ ਦਾ ਕੰਮ ਸ਼ੁਰੂ ਹੋ ਜਾਵੇਗਾ। ਜਲਦ ਹੀ ਇਸ ਸੜਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।