ਸ੍ਰੀ ਫ਼ਤਿਹਗੜ੍ਹ ਸਾਹਿਬ: ਕੋਰੋਨਾ ਵਾਇਰਸ ਦੇ ਚੱਲਦੇ ਦੇਸ਼ ਭਰ ਵਿੱਚ ਤਾਲਾਬੰਦੀ ਕੀਤੀ ਹੋਈ ਹੈ। ਇਸ ਕਾਰਨ ਸਾਰੇ ਸਕੂਲ ਅਤੇ ਕਾਲਜ ਬੰਦ ਹਨ ਪਰ ਸਕੂਲ ਤੇ ਕਾਲਜਾਂ ਵੱਲੋਂ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਦੇ ਲਈ ਆਨਲਾਈਨ ਕਲਾਸਾਂ ਲਗਾਈਆਂ ਜਾ ਰਹੀਆਂ ਹਨ।
ਆਨਲਾਈਨ ਕਲਾਸਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਸਮਾਰਟਫੋਨ ਉੱਤੇ ਗਰੁੱਪ ਬਣਾ ਕੇ ਲਗਾਈਆਂ ਜਾ ਰਹੀਆਂ ਹਨ। ਆਨਲਾਈਨ ਕਲਾਸਾਂ ਬਾਰੇ ਗੱਲਬਾਤ ਕਰਦੇ ਹੋਏ ਪੜ੍ਹ ਰਹੇ ਬੱਚਿਆਂ ਦਾ ਕਹਿਣਾ ਸੀ ਕਿ ਇਹ ਉਪਰਾਲਾ ਚੰਗਾ ਤਾਂ ਹੈ ਪਰ ਸਕੂਲ ਦੇ ਵਿੱਚ ਹੋ ਰਹੀ ਪੜ੍ਹਾਈ ਨਾਲੋਂ ਇੱਥੇ ਘੱਟ ਸਮਝ ਆਉਂਦਾ ਹੈ।
ਉਨ੍ਹਾਂ ਕਿਹਾ ਕਿ ਇਸ ਦਾ ਅਸਰ ਸਿਹਤ ਉੱਤੇ ਵੀ ਪੈ ਰਿਹਾ ਹੈ, ਕਿਉਂਕਿ ਮੋਬਾਈਲ ਉੱਤੇ ਪੜ੍ਹਾਈ ਕਰਨ ਦੇ ਨਾਲ ਨਜ਼ਰ ਵੱਧ ਲੱਗਦੀ ਹੈ ਜਿਸ ਦੇ ਕਾਰਨ ਉਨ੍ਹਾਂ ਨੂੰ ਮੁਸ਼ਕਲ ਆਉਂਦੀ ਹੈ।
ਆਨਲਾਈਨ ਪੜ੍ਹਾਈ ਕਰ ਰਹੇ ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸਰਕਾਰ ਵੱਲੋਂ ਕੀਤਾ ਗਿਆ ਉਪਰਾਲਾ ਚੰਗਾ ਹੈ ਪਰ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਬਹੁਤ ਮੁਸ਼ਕਿਲ ਆਉਂਦੀ ਹੈ ਕਿਉਂਕਿ ਜੋ ਛੋਟੇ ਬੱਚੇ ਹਨ ਉਨ੍ਹਾਂ ਨੂੰ ਪੜ੍ਹਾਈ ਦੇ ਬਾਰੇ ਪਤਾ ਨਹੀਂ ਲੱਗ ਰਿਹਾ।
ਉਥੇ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਜੋ ਬੱਚੇ ਗਰੀਬ ਪਰਿਵਾਰਾਂ ਨਾਲ ਸਬੰਧਿਤ ਹਨ ਉਹ ਆਨਲਾਈਨ ਪੜ੍ਹਾਈ ਨਹੀਂ ਕਰ ਸਕਦੇ ਜਿਸ ਕਾਰਨ ਇਸ ਦਾ ਪੜ੍ਹਾਈ ਉੱਤੇ ਅਸਰ ਜ਼ਰੂਰ ਪਵੇਗਾ। ਉਨ੍ਹਾਂ ਕਿਹਾ ਕਿ ਆਨਲਾਈਨ ਪੜ੍ਹਾਈ ਦੇ ਨਾਲ ਬੱਚਿਆਂ ਦੇ ਸਰੀਰ ਉੱਤੇ ਵੀ ਅਸਰ ਪੈ ਰਿਹਾ ਹੈ ਕਿਉਂਕਿ ਬੱਚਿਆਂ ਦੀ ਨਜ਼ਰ ਮੋਬਾਈਲ ਫੋਨ ਉੱਤੇ ਵੱਧ ਲੱਗਦੀ ਹੈ ਅਤੇ ਅੱਖਾਂ ਦੇ ਵਿੱਚੋਂ ਕਈ ਵਾਰ ਪਾਣੀ ਆਉਣ ਲੱਗਦਾ ਹੈ।