ਫ਼ਤਹਿਗੜ੍ਹ ਸਾਹਿਬ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ 'ਚ ਬਦਲਣ ਦਾ ਦਾਅਵਾ ਕੀਤਾ ਹੈ ਪਰ ਅਜੇ ਵੀ ਪੰਜਾਬ ਦੇ ਬਹੁਤ ਸਾਰੇ ਸਕੂਲ ਅਜਿਹੇ ਹਨ ਜਿਨ੍ਹਾਂ ਦੀਆਂ ਇਮਾਰਤਾਂ ਅਸੁਰੱਖਿਅਤ ਘੋਸ਼ਿਤ ਕੀਤੀਆਂ ਗਈਆਂ ਹਨ ਜਾਂ ਸਕੂਲਾਂ ਦੀਆਂ ਬਿਲਡਿੰਗਾਂ ਦੀ ਹਾਲਤ ਖਸਤਾ ਹੈ।
ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਹੈ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਮੀਆਂਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ 'ਚ, ਜਿੱਥੇ 2016 ਦੇ ਵਿੱਚ ਵਿਭਾਗ ਵੱਲੋਂ ਸਕੂਲ ਦੀ ਬਿਲਡਿੰਗ ਨੂੰ ਅਸੁਰੱਖਿਅਤ ਘੋਸ਼ਿਤ ਕਰ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਢਾਹ ਦਿੱਤਾ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇੱਥੇ ਸਕੂਲ ਚ ਕੋਈ ਵੀ ਕਮਰਾ ਨਹੀਂ ਬਣਾ ਸਕਿਆ ਹੈ।
ਸਰਕਾਰ ਵੱਲੋਂ ਇਸ ਸਕੂਲ ਨੂੰ ਗ੍ਰਾਂਟ ਦੇਣ ਦੀ ਗੱਲ ਤਾਂ ਕਹੀ ਜਾਂਦੀ ਹੈ ਪਰ ਹਾਲੇ ਤੱਕ ਸਕੂਲ 'ਚ ਕੋਈ ਪੈਸਾ ਨਹੀਂ ਪਹੁੰਚਿਆ ਹੈ ਜਿਸ ਦੇ ਨਾਲ ਉਹ ਸਕੂਲ ਦੀ ਬਿਲਡਿੰਗ ਖੜ੍ਹੀ ਕਰ ਸਕਣ। ਇਸ ਮੋਕੇ ਗੱਲਬਾਤ ਕਰਦੇ ਹੋਏ ਸਕੂਲ ਦੇ ਹੈਡ ਮਾਸਟਰ ਹਾਕਮ ਖਾਨ ਨੇ ਦੱਸਿਆ ਕਿ ਉਹਨਾਂ ਨੂੰ ਸਕੂਲ ਦੇ ਲਈ ਘੱਟ ਤੋਂ ਘੱਟ ਦੋ ਕਮਰੇ ਚਾਹੀਦੇ ਹਨ ਤਾਂ ਜੋ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਪੜ੍ਹਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਬੱਚੇ ਜਿਨ੍ਹਾਂ ਕਮਰਿਆਂ ਦੇ ਵਿੱਚ ਪੜ੍ਹਦੇ ਹਨ। ਉਨ੍ਹਾਂ ਵਿੱਚੋ ਇੱਕ ਕਮਰਾ ਪਿੰਡ ਦੀ ਪੰਚਾਇਤ ਦੀ ਜਿਮ ਦਾ ਹੈ ਅਤੇ ਦੂਜਾ ਕਮਰਾ ਕਿਸਾਨ ਭਵਨ ਦਾ ਹੈ। ਤੀਜੇ ਕਮਰੇ ਦੇ ਵਿੱਚ ਮੀਡ ਡੇਅ ਮਿਲ ਬਣਦਾ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਕੂਲ ਦੀ ਬਿਲਡਿੰਗ ਬਣਾਉਣ ਦੇ ਲਈ ਜਲਦ ਰਾਸ਼ੀ ਦਿੱਤੀ ਜਾਵੇ।
ਲੋਕਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵਾਅਦੇ ਤਾਂ ਕਰ ਰਹੀ ਹੈ ਪਰ ਪੰਜਾਬ ਵਿੱਚ ਹੁਣ ਵੀ ਬਹੁਤ ਸਕੂਲ ਅਜਿਹੇ ਹਨ ਜਿਥੇ ਬੱਚੇ ਹੇਠਾਂ ਬੈਠ ਕੇ ਪੜ੍ਹਦੇ ਹਨ। ਕੁੱਝ ਇਸ ਤਰ੍ਹਾਂ ਦੇ ਸਕੂਲ ਜਿਥੇ ਬੱਚਿਆਂ ਲਈ ਕੋਈ ਕਮਰਾ ਹੀ ਨਹੀਂ ਹੈ। ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਬੱਚਿਆਂ ਨੂੰ ਵਧੀਆ ਪੜ੍ਹਾਈ ਦੇਣ ਦੇ ਲਈ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।