ਫ਼ਤਿਹਗੜ੍ਹ ਸਾਹਿਬ: ਨਿਹੰਗ ਸਿੰਘ ਜੱਥੇਬੰਦੀਆ ਦੇ ਆਗੂਆਂ ਵੱਲੋਂ ਅੰਮ੍ਰਿਤ ਸੰਚਾਰ ਮੌਕੇ ਹੋਣ ਵਾਲੇ ਵਿਤਕਰੇ ਨੂੰ ਲੈ ਕੇ ਜਥੇਬੰਦੀ ਇੰਟਰਨੈਸ਼ਨਲ ਮਿਸਲ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਮੁਖੀ ਬਾਬਾ ਚੜ੍ਹਤ ਸਿੰਘ ਤੇ ਮੀਤ ਜਥੇਦਾਰ ਰਾਜਾ ਰਾਜ ਸਿੰਘ ਵੱਲੋਂ ਸਰਬੱਤ ਖ਼ਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਂਅ ਇੱਕ ਸ਼ਿਕਾਇਤ ਦਿੱਤੀ ਗਈ।
ਨਿਹੰਗ ਸਿੰਘ ਜਥੇਬੰਦੀ ਨੇ ਕਿਹਾ ਕਿ ਕੁੱਝ ਸੰਪਰਦਾਵਾਂ ਵੱਲੋਂ ਅੰਮ੍ਰਿਤ ਸੰਚਾਰ ਵੇਲੇ ਮਜ਼੍ਹਬੀ ਅਤੇ ਰਵਿਦਾਸੀਏ ਸਿੰਘਾਂ ਨੂੰ ਜੱਟ ਸਿੱਖਾਂ ਤੋਂ ਵੱਖ ਕਰ ਕੇ ਅੰਮ੍ਰਿਤ ਛਕਾਇਆ ਜਾਂਦਾ ਹੈ ਅਤੇ ਲੰਗਰ ਵਿੱਚ ਵੀ ਜਾਤ-ਪਾਤ ਦਾ ਵਿਤਕਰਾ ਹੈ।
ਤੁਹਾਨੂੰ ਦੱਸ ਦਈਏ ਕਿ ਗੁਰੂ ਸਾਹਿਬ ਵੱਲੋਂ ਬਖਸ਼ੀ ਹੋਈ ਮਰਿਆਦਾ ਅਨੁਸਾਰ ਜਾਤ-ਪਾਤ ਦਾ ਭੇਦ ਮਿਟਾ ਕੇ ਇੱਕੋ ਹੀ ਬਾਟੇ ਵਿੱਚੋਂ ਅੰਮ੍ਰਿਤ ਛਕਾਉਣ ਦਾ ਹੁਕਮ ਹੈ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਇੱਕ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਵੀ ਦਿੱਤੀ ਗਈ ਹੈ।
ਜਾਣਕਾਰੀ ਦਿੰਦੇ ਹੋਏ ਜਥੇਦਾਰ ਹਵਾਰਾ ਕਮੇਟੀ ਦੇ ਆਗੂ ਐਡਵੋਕੇਟ ਅਮਰ ਸਿੰਘ ਚਾਹਲ, ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਪੰਥ ਪ੍ਰਵਾਨਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਨੁਸਾਰ ਅੰਮ੍ਰਿਤ ਛਕਾਉਣ ਵੇਲੇ ਜਾਤੀ ਦੇ ਆਧਾਰ ਤੇ ਕਿਸੇ ਵੀ ਪ੍ਰਕਾਰ ਦਾ ਵਿਤਕਰਾ ਕਰਨ ਦੀ ਇਜਾਜ਼ਤ ਨਹੀਂ ਹੈ। ਨਾ ਹੀ ਲੰਗਰ ਛਕਾਉਣ ਅਤੇ ਵਰਤਾਉਣ ਵਿੱਚ ਜਾਤੀ ਦਾ ਭੇਦ ਭਾਵ ਹੈ।
ਇਸ ਸ਼ਿਕਾਇਤ ਦੇ ਨਿਵਾਰਨ ਕਰਨ ਲਈ ਕਮੇਟੀ ਗਠਿਤ ਕਰਕੇ ਸਬੰਧਿਤ ਸੰਪਰਦਾਵਾਂ ਨਾਲ ਸੰਪਰਕ ਕੀਤਾ ਜਾਵੇਗਾ ਤਾਂ ਜੋ ਅੰਮ੍ਰਿਤ ਛਕਾਉਣ ਦੀ ਮਰਿਆਦਾ ਵਿੱਚ ਇੱਕਸਾਰਤਾ ਲਿਆਈ ਜਾ ਸਕੇ।