ਸ੍ਰੀ ਫਤਿਹਗੜ੍ਹ ਸਾਹਿਬ: ਦੇਸ਼ ਦੇ ਵਿੱਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ, ਜਿਸ ਨੂੰ ਦੇਖਦਿਆਂ ਦੇਸ਼ ਭਰ ਵਿੱਚ ਤਾਲਾਬੰਦੀ ਕੀਤੀ ਗਈ ਹੈ ਅਤੇ ਪੰਜਾਬ ਕਰਫਿਊ ਲਗਾਇਆ ਗਿਆ ਹੈ। ਇਸ ਮੁਸ਼ਕਿਲ ਦੀ ਘੜੀ ਦੇ ਵਿੱਚ ਡਾਕਟਰ, ਪ੍ਰਸ਼ਾਸਨਿਕ ਅਧਿਕਾਰੀ, ਪੁਲਿਸ ਕਰਮਚਾਰੀ ਅਤੇ ਸਫ਼ਾਈ ਸੇਵਕ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ।
ਉੱਥੇ ਹੀ ਇਸ ਮੌਕੇ ਮਲਟੀਪਰਪਜ਼ ਹੈਲਥ ਵਰਕਰਾਂ ਵੱਲੋਂ ਵੀ ਆਪਣੀ ਡਿਊਟੀ ਤਨਦੇਹੀ ਦੇ ਨਾਲ ਨਿਭਾਈ ਜਾ ਰਹੀ ਹੈ ਪਰ ਉਨ੍ਹਾਂ ਵਿੱਚ ਰੋਸ ਹੈ ਕਿ ਉਨ੍ਹਾਂ ਨੂੰ ਬਣਦਾ ਹੱਕ ਨਹੀਂ ਦਿੱਤਾ ਜਾ ਰਿਹਾ।
ਇਸ ਮੌਕੇ ਗੱਲਬਾਤ ਕਰਦੇ ਹੋਏ ਨਵਨਿਯੁਕਤ ਮਲਟੀਪਰਪਜ਼ ਹੈਲਥ ਵਰਕਰਾਂ ਦੇ ਸੂਬਾ ਐਕਸ਼ਨ ਕਮੇਟੀ ਦੇ ਮੈਂਬਰ ਹਰਜਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਉਨ੍ਹਾਂ ਦਾ ਬਣਦਾ ਹੱਕ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਮਲਟੀਪਰਪਸ ਕੈਡਰ ਨਾਲ ਬੇਇਨਸਾਫ਼ੀ ਕਰਦਿਆਂ ਸਰਕਾਰ ਵੱਲੋਂ ਨਵੰਬਰ 2016 ਵਿੱਚ ਆਰੰਭ ਕੀਤੀ ਭਰਤੀ ਵੀ ਮਹਿਕਿਆਂ ਦੀਆਂ ਖਾਮੀਆਂ ਕਾਰਨ ਦੋ ਸਾਲ ਦੇਰੀ ਨਾਲ ਨਵੰਬਰ 2018 ਵਿੱਚ ਹੋਈ ਹੈ।
ਉਨ੍ਹਾਂ ਕਿਹਾ ਕਿ ਹੈਲਥ ਵਰਕਰਾਂ ਵੱਲੋਂ ਫੀਲਡ ਵਿੱਚ ਹੇਠਲੇ ਪੱਧਰ ਉੱਤੇ ਕੰਮ ਕਰਦੇ ਹੋਏ ਆਪਣੀ ਹੋਂਦ ਦਰਜ ਕਰਵਾਈ ਗਈ ਹੈ ਅਤੇ ਹੁਣ ਕੋਰੋਨਾ ਵਾਇਰਸ ਦੀ ਮਹਾਂਮਾਰੀ ਵਿੱਚ ਵੀ ਹੈਲਥ ਵਰਕਰਾਂ ਵੱਲੋਂ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਹੈਲਥ ਵਰਕਰਾਂ ਨੂੰ ਘੱਟ ਤਨਖਾਹ ਮਿਲ ਰਹੀ ਹੈ ਜਿਸ ਦੇ ਨਾਲ ਘਰ ਦਾ ਗੁਜ਼ਾਰਾ ਵੀ ਮੁਸ਼ਕਿਲ ਦੇ ਨਾਲ ਹੋ ਰਿਹਾ ਹੈ। ਸਰਕਾਰ ਬਣਦਾ ਹੱਕ ਦੇਵੇ ਨਹੀਂ ਤਾਂ ਅੱਗੇ ਜਾ ਕੇ ਸੰਘਰਸ਼ ਹੋਰ ਤੇਜ਼ ਹੋਵੇਗਾ। ਉੱਥੇ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਮਹਾਂਮਾਰੀ ਦੇ ਦੌਰਾਨ ਆਪਣੀ ਡਿਊਟੀ ਜਾਰੀ ਰੱਖੀ ਜਾਵੇਗੀ।