ਸ੍ਰੀ ਫਤਿਹਗੜ੍ਹ ਸਾਹਿਬ: ਬੈਂਕ ਤੋਂ 9 ਲੱਖ ਦਾ ਲੋਨ ਲੈਣ ਤੋਂ ਬਾਅਦ ਇਕ ਵਿਅਕਤੀ ਨੇ ਖੁਦਕਸ਼ੀ ਦਾ ਡਰਾਮਾ ਰਚਿਆ, ਜਿਸ ਨੂੰ ਫ਼ਤਹਿਗੜ੍ਹ ਸਹਿਬ ਦੀ ਪੁਲਿਸ ਨੇ ਕਾਬੂ ਕਰ ਲਿਆ, ਇੱਥੇ ਹੀ ਬਸ ਨਹੀਂ ਇਸ ਵਿਅਕਤੀ ਨੇ ਆਪਣੇ ਨਾਮ ਤੱਕ ਬਦਲ ਰੱਖੇ ਸਨ।
ਅੱਜ ਦੇ ਯੁਗ ਵਿੱਚ ਲੋਕ ਪੈਸੇ ਕਮਾਉਣ ਦੇ ਲਈ ਬਹੁਤ ਤਰੀਕੇ ਅਪਣਾਉਂਦੇ ਹਨ, ਜਿਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਅਜਿਹਾ ਕਰਨ ਵਾਲੇ ਲੋਕ ਪੁਲਿਸ ਦੇ ਅੜਿੱਕੇ ਵੀ ਆ ਜਾਦੇ ਹਨ ਅਤੇ ਫਿਰ ਆਪਣੇ ਕੀਤੇ 'ਤੇ ਪਛਤਾਉਂਦੇ ਹਨ। ਅਜਿਹਾ ਹੀ ਇਕ ਮਾਮਲਾ ਹੈ ਸ੍ਰੀ ਫਤਿਹਗੜ੍ਹ ਸਾਹਿਬ ਦਾ, ਇਸ ਮਾਮਲੇ ਦੇ ਵਿੱਚ ਇਕ ਵਿਅਕਤੀ ਵੱਲੋਂ ਟਰੱਕ 'ਤੇ ਲੋਨ ਕਰਵਾਏ ਪੈਸਿਆਂ ਨੂੰ ਹੜੱਪਣ ਦੇ ਲਈ ਆਪਣੀ ਖੁਦਕੁਸ਼ੀ ਦਾ ਡਰਾਮਾ ਰਚਦਾ ਹੈ, ਜਿਸ ਨੂੰ ਫਤਿਹਗੜ੍ਹ ਸਾਹਿਬ ਦੀ ਪੁਲਿਸ ਜਾਂਚ ਤੋਂ ਬਾਅਦ ਕਾਬੂ ਕਰ ਲੈਂਦੀ ਹੈ।
ਇਸ ਮਾਮਲੇ ਬਾਰੇ ਜਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਐਸਪੀਡੀ ਹਰਪਾਲ ਸਿੰਘ ਨੇ ਪ੍ਰੈਸ ਕਾਨਫ਼ਰੰਸ ਕਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਥਿਤ ਦੋਸ਼ੀ ਹਰੀ ਸਿੰਘ ਵੱਲੋਂ ਪਟਿਆਲਾ ਤੋਂ ਇਕ ਟਰੱਕ ਖਰੀਦੀਆ ਗਿਆ ਜਿਸ ਦੇ ਲਈ ਹਰੀ ਸਿੰਘ ਵੱਲੋਂ ਪਹਿਲਾ 1-1 ਲੱਖ ਦੇ ਚੈਕ ਦੇ ਦਿੱਤਾ ਗਏ।
ਟਰੱਕ ਨਾਮ ਹੋਣ 'ਤੇ ਹਰੀ ਸਿੰਘ ਵੱਲੋਂ ਐਸਬੀਆਈ ਬੈਂਕ ਤੋਂ 9 ਲੱਖ ਰੁਪਏ ਦਾ ਲੋਨ ਕਰਵਾਇਆ ਗਿਆ। ਇਹ ਪੈਸੇ ਲੈ ਕੇ ਉਹ 3 ਨਵਬੰਰ ਨੂੰ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਪਟਿਆਲਾ ਜਾ ਰਿਹਾ ਸੀ ਜਦੋਂ ਉਹ ਸਰਹਿੰਦ ਫਲੋਟਿੰਗ 'ਤੇ ਪਹੁੰਚਿਆ ਤਾਂ ਉਸਨੇ ਨਾਲ ਆਏ ਦੋ ਵਿਅਕਤੀਆਂ ਨੂੰ ਕਿਹਾ ਕਿ ਉਸਨੇ ਬਾਥਰੂਮ ਜਾਣਾ ਹੈ, ਕਾਰ ਵਿੱਚੋ ਨਿਕਲ ਕੇ ਉਹ ਫਿਰ ਵਾਪਸ ਨਹੀ ਆਇਆ।
ਹਰੀ ਸਿੰਘ ਦੀ ਭਾਲ ਕਰ ਉਸ ਦੀ ਪਤਨੀ ਮਨਜੀਤ ਕੌਰ ਸਰਹਿੰਦ ਨਹਿਰ 'ਤੇ ਆਈ ਜਿਸ ਨੂੰ ਫਲੋਟਿੰਗ 'ਤੇ ਹਰੀ ਸਿੰਘ ਦੀ ਕੱਪੜੇ ਅਤੇ ਇਕ ਪੰਜਾਬੀ ਵਿੱਚ ਲਿਖਿਆ ਹੋਇਆ ਖੁਦਕੁਸ਼ੀ ਦਾ ਨੋਟ ਮਿਲਿਆ। ਜਿਸ ਦੀ ਜਾਣਕਾਰੀ ਮਨਜੀਤ ਕੌਰ ਨੇ ਸਰਹਿੰਦ ਪੁਲਿਸ ਨੂੰ ਕੀਤੀ।
ਐਸਪੀ.ਡੀ ਹਰਪਾਲ ਸਿੰਘ ਨੇ ਦੱਸਿਆ ਕਿ ਹਰੀ ਸਿੰਘ 3 ਨਵੰਬਰ ਦਾ ਲਾਪਤਾ ਸੀ ਜਿਸ ਦੇ ਕੱਪੜੇ 9 ਨਵੰਬਰ ਨੂੰ ਮਿਲੇ ਹਨ। ਜਿਨ੍ਹਾਂ ਨੂੰ ਦੇਖ ਕੇ ਲੱਗਦਾ ਨਹੀਂ ਸੀ ਕਿ ਇੰਨ੍ਹੇ ਦਿਨਾਂ ਦੇ ਇੱਥੇ ਪਏ ਹਨ।
ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਵਿਅਕਤੀ ਦਾ ਨਾਮ ਵੀ ਫਰਜ਼ੀ ਸੀ ਜਿਸ ਦਾ ਅਸਲੀ ਨਾਮ ਮੋਹਨ ਸਿੰਘ ਹੈ ਜੋ ਧੂਰੀ ਦਾ ਰਹਿਣ ਵਾਲਾ ਹੈ ਤੇ ਹੁਣ ਸਮਰਾਲਾ ਵਿੱਚ ਰਹਿ ਰਿਹਾ ਸੀ ਉਹ ਵੀ ਇਸਦਾ ਪੱਕਾ ਪਤਾ ਨਹੀਂ ਹੈ।
ਇਹ ਵੀ ਪੜੋ: ਕਾਂਗਰਸ ਦਾ ਬਲਾਕ ਸੰਮਤੀ ਮੈਂਬਰ ਡੇਢ ਕਿਲੋ ਹੈਰੋਇਨ ਸਣੇ ਕਾਬੂ
ਪੁਲਿਸ ਨੇ ਦੱਸਿਆ ਕਿ ਮਨਜੀਤ ਕੌਰ ਵੀ ਇਸ ਦੀ ਅਸਲੀ ਪਤਨੀ ਨਹੀਂ ਹੈ। ਇਨ੍ਹਾਂ ਵੱਲੋਂ 9 ਲੱਖ ਦਾ ਫਰੋਡ ਬੈਂਕ ਦੇ ਨਾਲ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਨੂੰ ਪਿੰਡ ਅਲਾਦਪੁਰ ਨੇੜੇ ਧੂਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅੱਗੇ ਜਾਂਚ ਚੱਲ ਰਹੀ ਹੈ।