ਫ਼ਤਿਹਗੜ੍ਹ ਸਾਹਿਬ: ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਬੱਸ ਅੱਡੇ ਦੀ ਹਾਲਤ ਖ਼ਸਤਾ ਹੋਈ ਪਈ ਹੈ। ਅੱਡੇ ਦੀ ਹਾਲਤ ਖ਼ਸਤਾ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾੜੀ ਹਾਲਤ ਹੋਣ ਕਾਰਨ ਸਥਾਨਕ ਲੋਕ ਬੱਸਾਂ ਫੜਨ ਲਈ ਨਾ ਹੀ ਅੱਡੇ ਵਿੱਚ ਦਾਖਲ ਹੁੰਦੇ ਹਨ ਨਾ ਹੀ ਬੱਸਾਂ ਅੰਦਰ ਜਾਂਦੀ ਹਨ। ਅੱਡੇ ਦੇ ਬਾਹਰੋਂ-ਬਾਰ ਹੀ ਬੱਸਾਂ ਲੰਘ ਜਾਂਦੀਆਂ ਹਨ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੰਜਾਬੀ ਕਹਿੰਦੇ ਹਨ ਕਿ ਘਰ ਦੀ ਦਹਿੱਲੀਆਂ ਤੋਂ ਘਰ ਦੇ ਭਾਗਾਂ ਦਾ ਪਤਾ ਲੱਗਦਾ ਹੈ ਉਵੇਂ ਹੀ ਮੰਡੀ ਗੋਬਿੰਦਗੜ੍ਹ ਦੀ ਦਹਿੱਲੀਆਂ ਇੱਥੇ ਦਾ ਬੱਸ ਅੱਡਾ ਹੈ ਉਸ ਦੀ ਹਾਲਤ ਤੋਂ ਹੀ ਸ਼ਹਿਰ ਦਾ ਪਤਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਮੰਡੀ ਗੋਬਿੰਦਗੜ੍ਹ ਦੇ ਬੱਸ ਅੱਡੇ ਦੇ ਵਿਕਾਸ ਲਈ ਇੱਥੇ ਦੀ ਨਗਰ ਕੌਂਸਲ ਕਰੋੜਾਂ ਰੁਪਏ ਖ਼ਰਚ ਕਰ ਚੁੱਕੀ ਹੈ ਪਰ ਅੱਜ ਇਸ ਦੀ ਹਾਲਤ ਬਹੁਤ ਮਾੜੀ ਹੈ। ਇਥੇ ਪਾਣੀ ਪੀਣ ਦਾ ਕੋਈ ਪ੍ਰਬੰਧ ਨਹੀਂ ਹੈ ਨਾ ਹੀ ਇੱਥੇ ਬਾਥਰੂਮ ਹੈ। ਇਸ ਬੱਸ ਅੱਡੇ ਵਿੱਚ ਇਨ੍ਹੀ ਗੰਦਗੀ ਹੈ ਕਿ ਲੋਕ ਅੱਡੇ ਵਿੱਚ ਆਉਂਦੇ ਹੀ ਨਹੀਂ ਹਨ। ਲੋਕਾਂ ਦੇ ਅੱਡੇ ਵਿੱਚ ਨਾ ਆਉਣ ਕਾਰਨ ਬੱਸਾਂ ਵੀ ਅੱਡੇ ਵਿੱਚ ਦਾਖ਼ਲ ਨਹੀਂ ਹੁੰਦੀਆਂ।
ਸਥਾਨਕ ਵਾਸੀਆਂ ਨੇ ਕਿਹਾ ਕਿ ਜਦੋਂ ਇੱਥੇ ਮੀਂਹ ਪੈਂਦਾ ਹੈ ਤਾਂ ਇੱਥੇ ਪਾਣੀ ਜਮਾ ਹੋ ਜਾਂਦਾ ਹੈ ਜਿਸ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਕਿ ਜਲਦ ਤੋਂ ਜਲਦ ਬੱਸ ਅੱਡੇ ਦਾ ਕੰਮ ਕਰਵਾਇਆ ਜਾਵੇ।
ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਚਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਜਲਦ ਹੀ ਬੱਸ ਸਟੈਂਡ ਦਾ ਜਾਇਜ਼ਾ ਲਿਆ ਜਾਵੇਗਾ ਜੋ ਵੀ ਕਮੀਆਂ ਬੱਸ ਸਟੈਂਡ ਉੱਤੇ ਹੋਣਗੀਆਂ ਉਨ੍ਹਾਂ ਨੂੰ ਜਲਦ ਹੀ ਠੀਕ ਕਰਵਾਇਆ ਜਾਵੇਗਾ। ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਮੰਡੀ ਗੋਬਿੰਦਗੜ੍ਹ ਦੇ ਬੱਸ ਅੱਡੇ ਦਾ ਨੀਂਹ ਪੱਥਰ ਸਾਲ 1977 ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰੱਖਿਆ ਸੀ ਅਤੇ ਉਸ ਤੋਂ ਬਾਅਦ 1980 ਵਿੱਚ ਕਾਂਗਰਸ ਦੇ ਨੇਤਾ ਸੰਜੇ ਗਾਂਧੀ ਨੇ ਇਸ ਦਾ ਉਦਘਾਟਨ ਕੀਤਾ ਗਿਆ ਸੀ।