ਫ਼ਤਿਹਗੜ ਸਾਹਿਬ : ਬੀਤੀ ਰਾਤ ਪਿੰਡ ਰੁੜਕੀ ਵਿਖੇ ਸਟੇਟ ਬੈਂਕ ਆਫ਼ ਇੰਡੀਆ ਦੀ ਬ੍ਰਾਂਚ ਦੇ ਏਟੀਐਮ 'ਚੋਂ ਕਰੀਬ 40 ਲੱਖ ਰੁਪਏ ਦੀ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਐੱਸ.ਬੀ.ਆਈ. ਬੈਂਕ ਨੇ ਇਕ ਨਿੱਜੀ ਕੰਪਨੀ ਨੂੰ ਏਟੀਐਮ ਮਸੀਨਾਂ ਵਿੱਚ ਨਕਦੀ ਪਾਉਣ ਦਾ ਠੇਕਾ ਦਿੱਤਾ ਹੋਇਆ ਹੈ ਜੋ ਏਟੀਐਮ ਮਸ਼ੀਨ ਵਿੱਚ ਕੈਸ਼ ਪਾਉਂਦੇ ਹਨ।
6 ਅਗਸਤ ਨੂੰ ਏਟੀਐਮ ਵਿੱਚ 20 ਲੱਖ ਰੁਪਏ ਦੀ ਨਕਦੀ ਪਾਈ ਗਈ ਸੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੰਪਨੀ ਦੇ ਕੈਸ਼ ਅਫ਼ਸਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਮਸ਼ੀਨ ਵਿੱਚ 2 ਅਗਸਤ ਨੂੰ 30 ਲੱਖ ਰੁਪਏ, 5 ਅਗਸਤ ਨੂੰ 15 ਲੱਖ ਅਤੇ 6 ਅਗਸਤ ਨੂੰ 20 ਲੱਖ ਰੁਪਏ ਦੀ ਨਕਦੀ ਪਾਈ ਗਈ ਸੀ।
ਇਸ ਮਗਰੋਂ ਏਟੀਐਮ ਮਸ਼ੀਨ ਵਿੱਚੋਂ ਚੋਰ ਕਰੀਬ 40 ਲੱਖ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਫੋਰੈਂਸਿਕ ਟੀਮ ਨਾਲ ਮੌਕੇ 'ਤੇ ਪਹੁੰਚੇ। ਜ਼ਿਕਰਯੋਗ ਹੈ ਕਿ ਇਸ ਏਟੀਐਮ ਮਸ਼ੀਨ ਨੂੰ ਚੋਰਾਂ ਵੱਲੋਂ ਪਹਿਲਾਂ ਵੀ ਨਿਸ਼ਾਨਾ ਬਣਾਇਆ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਇਸ ਏਟੀਐਮ ਮਸ਼ੀਨ ਦੀ ਸੁਰੱਖਿਆ ਲਈ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤਾ ਗਿਆ।
ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਮੁੱਖੀ ਮਨਪ੍ਰੀਤ ਸਿੰਘ ਦਿਉਲ ਨੇ ਕਿਹਾ ਕਿ ਪੁਲਿਸ ਵੱਖ-ਵੱਖ ਪਹਿਲੂਆਂ 'ਤੇ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਵਿੱਚੋਂ ਫੁਟੇਜ ਲੈ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਛੇਤੀ ਹੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ।