ਫ਼ਤਿਹਗੜ੍ਹ ਸਾਹਿਬ: ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਤਿੰਨ ਖੇਤੀ ਕਾਨੂੰਨਾਂ ਦਾ ਕਿਸਾਨ ਜਥੇਬੰਦੀਆਂ ਦਾ ਲਗਾਤਾਰ ਵਿਰੋਧ ਜਾਰੀ ਹੈ। ਜਿਥੇ ਪਹਿਲਾਂ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਰੇਲਵੇ ਲਾਈਨਾਂ 'ਤੇ ਰੇਲ ਰੋਕੋ ਅੰਦੋਲਨ ਚਲ ਰਿਹਾ ਹੈ, ਜੋ ਹੁਣ ਰੇਲਵੇ ਸਟੇਸ਼ਨ 'ਤੇ ਧਰਨੇ ਜਾਰੀ ਹਨ। ਉਸਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਵੱਲੋਂ ਤਿਉਹਾਰਾਂ ਨੂੰ ਵੀ ਕਾਲੇ ਦਿਨਾਂ ਦੇ ਤੌਰ 'ਤੇ ਮਨਾਇਆ ਜਾ ਰਿਹਾ ਹੈ।
ਇਸ ਮੌਕੇ ਗੱਲਬਾਤ ਕਰਦੇ ਹੋਏ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਨੇ ਜੋ ਤਿੰਨ ਖੇਤੀ ਕਾਨੂੰਨ ਪਾਸ ਕੀਤੇ ਗਏ ਹਨ, ਦੇ ਵਿਰੋਧ ਵਿੱਚ ਕਿਸਾਨਾਂ ਨੇ ਦੁਸਹਿਰਾ ਕਾਲੀਆਂ ਪੱਗਾਂ ਬੰਨ ਕੇ ਮਨਾਉਣ ਦਾ ਫ਼ੈਸਲਾ ਕੀਤਾ ਹੈ।
ਕਿਸਾਨ ਆਗੂ ਨੇ ਦੱਸਿਆ ਕਿ ਅਜਿਹਾ ਇਹ ਫ਼ੈਸਲਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਉਹ ਮੋਦੀ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਉਸ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨ ਕਿਸਾਨ ਵਿਰੋਧੀ ਕਾਨੂੰਨ ਹਨ, ਜਿਨ੍ਹਾਂ ਨੂੰ ਰੱਦ ਕੀਤਾ ਜਾਵੇ।
ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਇਹ ਦੁਸਹਿਰਾ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਫ਼ਤਹਿਗੜ੍ਹ ਸਾਹਿਬ ਦੇ ਸਾਹਮਣੇ ਮਨਾਇਆ ਜਾਵੇਗਾ, ਜਿਥੇ ਕਿਸਾਨਾਂ ਵੱਲੋਂ ਕਾਲੀਆਂ ਪੱਗਾਂ ਜਾਂ ਕਾਲੀਆਂ ਪੱਟੀਆਂ ਬੰਨ ਕੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਅੱਤਵਾਦੀ ਕਰਾਰ ਦਿੱਤਾ ਹੈ, ਜਿਸ ਲਈ ਉਹ ਭਾਜਪਾ ਆਗੂਆਂ ਨੂੰ ਚੇਤਾਵਨੀ ਦਿੰਦੇ ਹਨ ਕਿ ਹੁਣ ਉਹ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਦਾਖ਼ਲ ਨਾ ਹੋਣ ਕਿਉਂਕਿ ਨਹੀਂ ਤਾਂ ਉਨ੍ਹਾਂ ਨੂੰ ਕਿਸਾਨ ਸਬਕ ਸਿਖਾਉਣਗੇ। ਜੇਕਰ ਭਾਜਪਾ ਆਗੂ ਕਿਸਾਨਾਂ ਦੇ ਕਿਸੇ ਵੀ ਧਰਨੇ ਬਾਰੇ ਕੁੱਝ ਕਹਿਣਗੇ ਤਾਂ ਕਿਸਾਨ ਉਨ੍ਹਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ।