ਸ੍ਰੀ ਫ਼ਤਿਹਗੜ੍ਹ ਸਾਹਿਬ: ਪੰਜਾਬ ਸਰਕਾਰ ਨੇ ਔਰਤਾਂ ਨੂੰ ਬਰਾਬਰਤਾ ਦਾ ਹੱਕ ਦਿੰਦੇ ਹੋਏ ਇਸ ਵਾਰ ਨਗਰ ਕੌਂਸਲ ਚੋਣਾਂ ਵਿੱਚ 50 ਫ਼ੀਸਦੀ ਦੀ ਭਾਗੀਦਾਰੀ ਦਿੱਤੀ ਹੈ। ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ ਨਗਰ ਕੌਂਸਲ ਚੋਣਾਂ ਵਿੱਚ ਜਿੱਥੇ ਕਈ ਰਾਜਨੀਤਕ ਪਾਰਟੀਆਂ ਦੇ ਉਮੀਦਵਾਰ ਆਪਣੀ ਕਿਸਮਤ ਆਜ਼ਮਾ ਰਹੇ ਹਨ ਉਥੇ ਹੀ ਇਸ ਵਾਰ ਕੁੱਝ ਨਵੇਂ ਚਿਹਰੇ ਵੀ ਮੈਦਾਨ ਵਿੱਚ ਉੱਤਰੇ ਹੋਏ ਹਨ। ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਹਨ। ਪਿਛਲੀਆਂ ਚੋਣਾਂ ਦੇ ਮੱਦੇਨਜ਼ਰ ਇਸ ਵਾਰ ਔਰਤਾਂ ਦੀ ਭਾਗੀਦਾਰੀ 50 ਫ਼ੀਸਦੀ ਰਹੇਗੀ।
ਮੰਡੀ ਗੋਬਿੰਦਗੜ੍ਹ ਦੇ 29 ਵਾਰਡਾਂ ਵਿੱਚੋਂ 15 ਵਾਰਡਾਂ ਵਿੱਚ ਔਰਤਾਂ ਚੋਣ ਮੈਦਾਨ ਵਿੱਚ ਉੱਤਰ ਆਪਣੀ ਕਿਸਮਤ ਆਜ਼ਮਾ ਰਹੀਆਂ ਹਨ। ਇਸ ਭਾਗੀਦਾਰੀ ਨੂੰ ਲੈ ਕੇ ਚੋਣ ਮੈਦਾਨ ਵਿੱਚ ਉਤਰੀਆਂ ਔਰਤਾਂ ਵਿੱਚ ਕਾਫ਼ੀ ਜੋਸ਼ ਹੈ, ਉਥੇ ਹੀ ਲੋਕਾਂ ਦਾ ਵੀ ਉਨ੍ਹਾਂ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ।
ਚੋਣ ਲੜ ਰਹੀਆਂ ਔਰਤਾਂ ਦਾ ਕਹਿਣਾ ਸੀ ਕਿ ਔਰਤਾਂ ਅੱਜ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ। ਉਥੇ ਹੀ ਰਾਜਨੀਤੀ ਵਿੱਚ ਔਰਤਾਂ ਨੂੰ ਬਿਨਾਂ ਝਿਜਕ ਆਉਣਾ ਚਾਹੀਦਾ ਹੈ। ਜੇਕਰ ਔਰਤਾਂ ਨਿੱਜੀ ਘਰ ਅਤੇ ਪਰਿਵਾਰ ਸੰਭਾਲ ਸਕਦੀ ਹੈ ਤਾਂ ਫਿਰ ਵਾਰਡ ਜਾਂ ਸ਼ਹਿਰ ਵੀ ਸੰਭਾਲ ਸਕਦੀ ਹੈ। ਇਸ ਲਈ ਔਰਤਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿੱਚ ਸਮਾਜ ਵਿੱਚ ਆਪਣੀ ਭਾਗੀਦਾਰੀ ਦੇਣੀ ਚਾਹੀਦੀ ਹੈ।
ਉਥੇ ਹੀ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਮਹਿਲਾਵਾਂ ਦੀ 50 ਫ਼ੀਸਦੀ ਦੀ ਭਾਗੀਦਾਰੀ ਲਈ ਆਪਣੀ ਸਰਕਾਰ ਦੀ ਸ਼ਾਬਾਸ਼ੀ ਕਰਦੇ ਹੋਏ ਕਿਹਾ ਕਿ ਇਸ ਫੈਸਲੇ ਨੂੰ ਲੈ ਕੇ ਔਰਤਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਸਮਾਜ ਵਿੱਚ ਔਰਤਾਂ ਦਾ ਦਰਜਾ ਬਰਾਬਰ ਦਾ ਹੈ। ਇਸ ਲਈ ਜੋ ਔਰਤਾਂ ਦਾ ਅਧਿਕਾਰ ਹੈ ਉਹ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ ਜੋ ਕਾਂਗਰਸ ਸਰਕਾਰ ਨੇ ਉਨ੍ਹਾਂ ਨੂੰ ਦਿੱਤਾ ਹੈ।