ਫ਼ਤਿਹਗੜ੍ਹ ਸਾਹਿਬ: ਕੋਰੋਨਾ ਮਹਾਂਮਾਰੀ ਦੇ ਚਲਦੇ ਲੱਗੇ ਲੌਕਡਾਊਨ ਕਾਰਨ ਸਕੂਲ ਕਾਲਜ ਬੰਦ ਰੱਖੇ ਗਏ ਹਨ। ਇਸ ਦੇ ਬਾਵਜੂਦ ਵੀ ਸਕੂਲਾਂ ਵੱਲੋਂ ਫੀਸਾਂ ਲੈਣ ਲਈ ਮਪਿਆਂ 'ਤੇ ਦਬਾਅ ਪਾਇਆ ਜਾ ਰਿਹਾ ਹੈ। ਇਸ ਚਲਦੇ ਸੂਬੇ ਭਰ ਵਿੱਚ ਮਾਪਿਆਂ ਵੱਲੋਂ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਇਸੇ ਤਹਿਤ ਸਟੀਲ ਸਿਟੀ ਮੰਡੀ ਗੋਬਿੰਦਗੜ੍ਹ ਵਿੱਚ ਇੱਕ ਨਿਜੀ ਸਕੂਲ ਦੇ ਬਾਹਰ ਫੀਸਾਂ ਨੂੰ ਲੈ ਕੇ ਬੱਚਿਆਂ ਦੇ ਮਾਪਿਆਂ ਵਲੋਂ ਮੋਮਬੱਤੀਆਂ ਜਗਾ ਕੇ ਸ਼ਾਂਤਮਈ ਰੋਸ ਪ੍ਰਰਦਸ਼ਨ ਕੀਤਾ ਗਿਆ। ਬੱਚਿਆਂ ਦੇ ਮਾਪਿਆਂ ਨੇ ਦੋਸ਼ ਲਾਇਆ ਹੈ ਕਿ ਕੋਰੋਨਾ ਮਹਾਂਮਾਰੀ ਵਿੱਚ ਸਕੂਲ ਬੰਦ ਰਹੇ, ਪਰ ਟਿਊਸ਼ਨ ਫੀਸਾਂ ਵਿੱਚ ਭਾਰੀ ਵਾਧਾ ਕਰਕੇ ਫੀਸਾਂ ਭਰਨ ਲਈ ਦਬਾਅ ਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕੋਰੋਨਾ ਦੌਰਾਨ ਕੰਮ ਬੰਦ ਹੋਣ ਨਾਲ ਮੰਦੀ ਦਾ ਆਲਮ ਹੈ ਅਤੇ ਲੋਕਾਂ ਲਈ ਜਿੱਥੇ 2 ਵਕਤ ਦੇ ਭੋਜਨ ਦਾ ਪ੍ਰਬੰਧ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ, ਅਜਿਹੇ ਸਮੇਂ ਵਿੱਚ ਸਕੂਲ ਪ੍ਰਬੰਧਕਾਂ ਵੱਲੋਂ ਫੀਸ ਵਧਾਉਣਾ ਸਰਾਸਰ ਧੱਕਾ ਕੀਤਾ ਜਾ ਰਿਹਾ ਹੈ। ਇਸਦੇ ਚਲਦੇ ਮਾਪਿਆਂ ਨੇ ਸਕੂਲ ਦੇ ਬਾਹਰ ਮੋਮਬੱਤੀਆਂ ਜਗਾ ਕੇ ਸਕੂਲ ਖਿਲਾਫ਼ ਰੋਸ ਪ੍ਰਗਟ ਕੀਤਾ ਹੈ।