ਸ੍ਰੀ ਫ਼ਤਿਹਗੜ੍ਹ ਸਾਹਿਬ: ਕੋਰੋਨਾ ਵਾਇਰਸ ਨੇ ਜਿੱਥੇ ਦੁਨੀਆਂ ਭਰ 'ਚ ਕਹਿਰ ਮਚਾਇਆ ਪਿਆ ਹੈ ਉਸ ਦੇ ਚਲਦੇ ਹੀ ਭਾਰਤ 'ਚ ਵੀ ਕਰੋਨਾ ਵਾਇਰਸ ਦੇ ਸ਼ੱਕੀ ਮਰੀਜ ਆਉਣੇ ਸ਼ੁਰੂ ਹੋ ਗਏ ਹਨ। ਜ਼ਿਲ੍ਹਾ ਫ਼ਤਹਿਗੜ੍ਹ ਸਹਿਬ ਦਾ ਇਕ ਵਿਅਕਤੀ ਵੀ ਚੀਨ ਤੋਂ ਵਾਪਸ ਆਇਆ ਹੈ ਜਿਸ ਨੂੰ ਡਾਕਟਰਾਂ ਨੇ ਘਰੇ ਹੀ ਰਹਿਣ ਦੀ ਸਲਾਹ ਦਿੱਤੀ ਹੈ।
ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਕਾਰਨ ਲੋਕਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ। ਇਨ੍ਹਾਂ ਹਾਲਾਤਾਂ ਵਿੱਚੋ ਨਿਕਲ ਕੇ ਚੀਨ ਦੇ ਜੋਹਾਈ ਵਿੱਚ ਰਹਿੰਦਾ ਫ਼ਤਿਹਗੜ ਸਾਹਿਬ ਦੇ ਪਿੰਡ ਕੋਟਲਾ ਬਜਵਾੜਾ ਦਾ ਨੌਜਵਾਨ ਸਾਗਰ ਸਿੰਘ ਬੁੱਧਵਾਰ ਸਵੇਰੇ ਘਰ ਪਰਤਿਆ । ਸਾਗਰ ਚੀਨ ਤੋਂ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਉਤਰਿਆ।
ਮੈਡੀਕਲ ਜਾਂਚ ਦੇ ਬਾਅਦ ਉਸ ਨੂੰ ਘਰ ਭੇਜਿਆ ਗਿਆ ਅਤੇ ਨਾਲ ਹੀ ਇਸ ਦੀ ਸੂਚਨਾ ਫ਼ਤਿਹਗੜ੍ਹ ਸਾਹਿਬ ਦੇ ਸਿਹਤ ਵਿਭਾਗ ਨੂੰ ਦਿੱਤੀ ਗਈ । ਜਿਸ ਉਪਰੰਤ ਫ਼ਤਿਹਗੜ੍ਹ ਸਾਹਿਬ ਦੇ ਸਿਵਲ ਸਰਜਨ ਡਾ . ਐਨ.ਕੇ ਅੱਗਰਵਾਲ ਨੇ ਛੇ ਮੈਂਬਰੀ ਟੀਮ ਨੂੰ ਜਾਂਚ ਲਈ ਸਾਗਰ ਦੇ ਘਰ ਭੇਜਿਆ । ਸਾਵਧਾਨੀ ਦੇ ਤੌਰ ਉੱਤੇ ਸਾਗਰ ਨੂੰ 14 ਦਿਨਾਂ ਲਈ ਘਰ ਵਿੱਚ ਹੀ ਰਹਿਣ ਨੂੰ ਕਿਹਾ ਗਿਆ ਹੈ।
ਚੀਨ ਦੇ ਹਾਲਾਤਾਂ ਦੀ ਜਾਣਕਾਰੀ ਦਿੰਦੇ ਹੋਏ ਸਾਗਰ ਸਿੰਘ ਨੇ ਦੱਸਿਆ ਕਿ ਉਹ 18 ਦਸੰਬਰ 2019 ਨੂੰ ਬਿਜਨਸ ਵੀਜ਼ਾ ਤੇ ਚੀਨ ਗਿਆ ਸੀ । ਜਦੋਂ ਕੋਰੋਨਾ ਵਾਇਰਸ ਨੇ ਚੀਨ ਵਿੱਚ ਤਬਾਹੀ ਮਚਾਈ ਤਾਂ ਕੰਮਕਾਰ ਬੰਦ ਹੋਣ ਲੱਗੇ । ਜਿਵੇਂ ਜਿਵੇਂ ਇਸਦਾ ਕਹਿਰ ਵਧਦਾ ਗਿਆ , ਲੋਕ ਇਸਦੇ ਡਰ ਨਾਲ ਘਰਾਂ ਵਿੱਚ ਕੈਦ ਹੁੰਦੇ ਗਏ। ਹੁਣ ਕੋਈ ਵੀ ਕੰਮਕਾਰ ਨਹੀਂ ਖੁੱਲਿਆ ਹੈ ਜੋ ਲੋਕ ਕੰਮਧੰਦੇ ਲਈ ਉੱਥੇ ਗਏ ਸਨ ਉਨ੍ਹਾਂ ਦੇ ਕੋਲ ਆਰਥਿਕ ਗੁਜ਼ਾਰੇ ਲਈ ਰੁਪਿਆਂ ਦੀ ਕਮੀ ਹੈ । ਜ਼ਿਆਦਾਤਰ ਭਾਰਤੀ ਵੀ ਕੋਰੋਨਾ ਦੀ ਚਪੇਟ ਵਿੱਚ ਆਉਣ ਦੇ ਡਰ ਨਾਲ ਵਾਪਸ ਪਰਤ ਰਹੇ ਹਨ ।
ਸਾਗਰ ਨੇ ਦੱਸਿਆ ਕਿ ਚੀਨ ਤੋਂ ਲੈ ਕੇ ਅੰਮ੍ਰਿਤਸਰ ਅਤੇ ਨਵੀਂ ਦਿੱਲੀ ਦੇ ਏਅਰਪੋਰਟ ਦੇ ਹਾਲਾਤ ਇਹ ਹਨ ਕਿ ਸੁਰੱਖਿਆ ਨਾਲੋਂ ਜ਼ਿਆਦਾ ਸਿਹਤ ਦੀ ਚਿੰਤਾ ਹੈ । ਚੀਨ ਵਿੱਚ ਆਉਣ - ਜਾਣ ਵਾਲੇ ਨਾਗਰਿਕਾਂ ਦੇ ਪੂਰੇ ਸਰੀਰ ਦੇ ਟੈਸਟ ਕੀਤੇ ਜਾਂਦੇ ਹਨ । ਫਿਰ ਹਵਾਈ ਜਹਾਜ ਵਿੱਚ ਬੈਠਦੇ ਸਮੇਂ ਇੱਕ ਟੀਮ ਜਾਂਚ ਕਰਦੀ ਹੈ ਅਤੇ ਫਿਰ ਦੇਸ਼ ਦੇ ਏਅਰਪੋਰਟ ਉੱਤੇ ਉਤਰਦੇ ਹੀ ਮੁੜ ਮੈਡੀਕਲ ਜਾਂਚ ਹੁੰਦੀ ਹੈ ।