ਫ਼ਤਿਹਗੜ੍ਹ ਸਾਹਿਬ: ਜ਼ਿਲ੍ਹੇ ਦੇ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਪਿੰਗਲਵਾੜਾ ਸੰਸਥਾ ਜੋ ਕਿ ਪਿੰਗਲੇ ਅਤੇ ਦਿਮਾਗ਼ੀ ਤੌਰ 'ਤੇ ਕਮਜ਼ੋਰ ਵਿਅਕਤੀਆਂ ਨੂੰ ਸਾਂਭਦੀ ਹੈ, ਉਸ ਸੰਸਥਾ ਦੀ ਗੋਲਕ ਵਿੱਚੋਂ ਪੈਸੇ ਚੋਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ।
ਥਾਣਾ ਫ਼ਤਿਹਗੜ੍ਹ ਸਾਹਿਬ ਦੇ ਮੁਖੀ ਰਜਨੀਸ਼ ਸੂਦ ਨੇ ਦੱਸਿਆ ਕਿ ਸਪਿੰਦਰ ਸਿੰਘ ਵਾਸੀ ਮੋਰਿੰਡਾ ਜ਼ਿਲ੍ਹਾ ਰੋਪੜ ਨੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਇੱਕ ਵਿਅਕਤੀ ਪਿੰਗਲਵਾੜਾ ਆਸ਼ਰਮ ਦੀ ਗੋਲਕ ਵਿੱਚੋਂ ਪੈਸੇ ਕੱਢ ਕੇ ਝੋਲੇ ਵਿੱਚ ਪਾ ਰਿਹਾ ਹੈ।
ਸਪਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਟਰੱਕ ਡਰਾਇਵਰ ਹੈ ਅਤੇ ਸ਼ਨੀਵਾਰ ਨੂੰ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਦੇ ਲਈ ਗਿਆ ਸੀ। ਉਸ ਸਮੇਂ ਗੁਰਦੁਆਰਾ ਸਾਹਿਬ ਦੀਆਂ ਪੌੜੀਆਂ ਦੇ ਸੱਜੇ ਪਾਸੇ ਬਰੀਜ਼ਾ ਕਾਰ ਖੜੀ ਸੀ ਅਤੇ ਸੱਜੇ ਪਾਸੇ ਹੀ ਆਸ਼ਰਮ ਦੀ ਪਈ ਗੋਲਕ ਵਿੱਚੋਂ ਇੱਕ ਵਿਅਕਤੀ ਪੈਸੇ ਕੱਢ ਕੇ ਝੋਲਾ ਵਿੱਚ ਪਾ ਰਿਹਾ ਸੀ। ਉਕਤ ਵਿਅਕਤੀ ਨੇ ਆਪਣਾ ਨਾਂਅ ਦਿਲਬਾਗ ਸਿੰਘ ਦੱਸਿਆ, ਜੋ ਕਿ ਮੌਕੇ ਤੋਂ ਫ਼ਰਾਰ ਹੋ ਗਿਆ।
ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਨੇ ਗੋਲਕ ਵਿੱਚੋਂ ਕੱਢੇ 34964 ਰੁਪਏ ਬਰਾਮਦ ਕਰ ਲਏ ਹਨ ਅਤੇ ਚੋਰ ਨੂੰ ਵੀ ਕਾਬੂ ਕਰ ਲਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਪਛਾਣ ਦਿਲਬਾਗ ਸਿੰਘ ਵਾਸੀ ਤੇਜਾਵੀਲਾ ਥਾਣਾ ਕਲਾਨੌਰ ਜ਼ਿਲ੍ਹਾ ਬਟਾਲਾ ਵਜੋਂ ਹੋਈ ਹੈ, ਜਿਸ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਕੇ ਮਾਨਯੋਗ ਅਦਾਲਤ ਫ਼ਤਿਹਗੜ੍ਹ ਸਾਹਿਬ ਵਿੱਚ ਪੇਸ਼ ਕਰਕੇ ਦੋਸ਼ੀ ਦਾ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।