ਸ੍ਰੀ ਫ਼ਤਿਹਗੜ੍ਹ ਸਾਹਿਬ: ਕੋਰੋਨਾ ਵਾਇਰਸ ਭਾਰਤ ਵਿੱਚ ਵੀ ਆਪਣੇ ਪੈਰ ਪਸਾਰ ਚੁੱਕਿਆ ਹੈ। ਪੰਜਾਬ ਦੇ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿੱਚ ਬੀਤੇ ਦਿਨੀਂ 2 ਕੋਰੋਨਾ ਪੌਜ਼ੀਟਿਵ ਮਰੀਜ਼ ਪਾਏ ਗਏ ਸਨ ਜਿਸ ਤੋਂ ਬਾਅਦ ਜ਼ਿਲ੍ਹੇ ਵਿੱਚ ਸਹਿਮ ਦਾ ਮਾਹੌਲ ਸੀ। ਉਧਰ ਇਸ ਸਬੰਧੀ ਇੱਕ ਵੱਡੀ ਰਾਹਤ ਦੀ ਖ਼ਬਰ ਆਈ ਹੈ ਕਿ ਜ਼ਿਲ੍ਹੇ ਦੇ ਦੋਵੇਂ ਪੌਜ਼ੀਟਿਵ ਮਰੀਜ਼ਾਂ ਦਾ ਹੁਣ ਕੋਰੋਨਾ ਵਾਇਰਸ ਟੈਸਟ ਨੈਗੇਟਿਵ ਆ ਗਿਆ ਹੈ।
ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਜ਼ਿਲ੍ਹੇ ਦੀਆਂ 2 ਔਰਤਾਂ ਵਿੱਚ ਕੋਰੋਨਾ ਵਾਇਰਸ ਪੌਜ਼ੀਟਿਵ ਪਾਇਆ ਗਿਆ ਸੀ ਜੋ ਕਿ ਦਿੱਲੀ ਨਿਜ਼ਾਮੁਦੀਨ ਮਰਕਜ਼ ਸਮਾਗਮ ਨਾਲ ਸਬੰਧਤ ਸੀ। ਉਨ੍ਹਾਂ ਨੂੰ ਹਸਪਤਾਲ ਵਿੱਚ 14 ਦਿਨਾਂ ਲਈ ਆਈਸੋਲੇਟ ਕੀਤਾ ਗਿਆ ਸੀ ਅਤੇ ਉਨ੍ਹਾਂ ਦਾ ਦੋਬਾਰਾ ਟੈਸਟ ਕਰਨ 'ਤੇ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਇਹ ਵੀ ਪੜ੍ਹੋ: ਕੋਵਿਡ-19: ਦੁਨੀਆ ਭਰ 'ਚ ਮਰੀਜ਼ਾਂ ਦੀ ਗਿਣਤੀ ਸਾਢੇ 24 ਲੱਖ ਤੋਂ ਪਾਰ, 1 ਲੱਖ 70 ਹਜ਼ਾਰ ਮੌਤਾਂ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਸਿਵਲ ਸਰਜਨ ਡਾ. ਐਨ ਕੇ ਅਗਰਵਾਲ ਨੇ ਦੱਸਿਆ ਕਿ ਇਨ੍ਹਾਂ ਕੋਰੋਨਾ ਪੌਜ਼ੀਟਿਵ ਔਰਤਾਂ ਦਾ ਦੂਜੀ ਵਾਰ ਕੀਤਾ ਗਿਆ ਟੈਸਟ ਨੈਗੇਟਿਵ ਆਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਦੋਵਾਂ ਔਰਤਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਘਰ ਵਿੱਚ 14 ਦਿਨ ਲਈ ਕੁਆਰੰਟਾਈਨ ਕੀਤਾ ਗਿਆ ਹੈ।