ਸ੍ਰੀ ਫ਼ਤਿਹਗੜ੍ਹ ਸਾਹਿਬ: ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਨਤਮਸਤਕ ਹੋਣ ਪੁੱਜੇ। ਇਸ ਮੌਕੇ ਉਨ੍ਹਾਂ ਨੇ ਕਾਂਗਰਸ 'ਤੇ ਸ਼ਬਦੀ ਹਮਲੇ ਕੀਤੇ।
ਉਨ੍ਹਾਂ ਕਿਹਾ ਕਿ ਕਾਂਗਰਸ ਝੂਠੇ ਵਾਅਦਿਆਂ ਦੀ ਸਰਕਾਰ ਹੈ ਜਿਸ ਨੇ ਪੰਜਾਬ ਦੀ ਜਨਤਾ ਨਾਲ ਜਿੰਨੇ ਵੀ ਵਾਅਦੇ ਕੀਤੇ ਉਸ ਵਿੱਚੋਂ ਇੱਕ ਵੀ ਪੂਰਾ ਨਹੀਂ ਕੀਤਾ। ਪੰਜਾਬ 'ਚ ਘਰ-ਘਰ ਨੌਕਰੀ ਦੇ ਨਾਂਅ 'ਤੇ ਨੌਜਵਾਨਾਂ ਵੱਲੋਂ ਫ਼ਾਰਮ ਭਰਵਾਏ ਗਏ ਸਨ ਪਰ ਕਿਸੇ ਇੱਕ ਨੂੰ ਵੀ ਨੌਕਰੀ ਨਹੀਂ ਮਿਲੀ। ਅੱਜ ਨੌਜਵਾਨ ਆਪਣੇ-ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ।
ਉਥੇ ਹੀ ਨਕੋਦਰ ਮਾਮਲੇ 'ਤੇ ਦਰਬਾਰਾ ਸਿੰਘ ਗੁਰੂ ਨੇ ਕਿਹਾ ਕਿ ਇਸ ਮਾਮਲੇ 'ਚ ਬਿਨਾਂ ਵਜ੍ਹਾ ਹੀ ਉਨ੍ਹਾਂ ਦਾ ਨਾਂਅ ਨਕੋਦਰ ਗੋਲੀਕਾਂਡ 'ਚ ਸਾਜਿਸ਼ ਤਹਿਤ ਜੋੜਿਆ ਜਾ ਰਿਹਾ ਹੈ। ਜਦ ਕਿ ਇਸ ਮਾਮਲੇ ਦੀ ਜਾਂਚ 'ਚ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਨੇ ਸਾਫ਼ ਕੀਤਾ ਹੈ ਕਿ ਗੋਲੀ ਚਲਾਉਣ ਦਾ ਆਦੇਸ਼ ਉਨ੍ਹਾਂ ਨੇ ਬਤੌਰ ਮੈਜਿਸਟਰੇਟ ਕਦੇ ਨਹੀਂ ਦਿੱਤਾ। ਸਗੋਂ ਜਿਸ ਪੁਲਿਸ ਅਧਿਕਾਰੀ ਨੇ ਉਸ ਸਮੇਂ ਗੋਲੀ ਚਲਾਈ ਸੀ ਉਸ ਲਈ ਡੀਸੀ ਅਤੇ ਪੁਲਿਸ ਦੇ ਸੀਨੀਅਰ ਅਹੁਦੇਦਾਰਾਂ ਤੋਂ ਪੁੱਛਿਆ ਤੱਕ ਨਹੀਂ ਜਦ ਕਿ ਵਿਰੋਧੀ ਪੱਖ ਇਸ ਮਾਮਲੇ ਨੂੰ ਬਿਨਾ ਕਾਰਨ ਹੀ ਤੂਲ ਦੇ ਰਿਹਾ ਹੈ। ਇਲਜ਼ਾਮ ਲਗਾਉਣ ਤੋਂ ਪਹਿਲਾਂ ਸਾਰੀ ਸੱਚਾਈ ਜਾਂਚ ਲੈਣੀ ਚਾਹੀਦੀ ਹੈ।