ਫਤਿਹਗੜ੍ਹ ਸਾਹਿਬ: ਟਰੱਕਾਂ ਨੂੰ ਕਾਰੋਬਾਰ ਦੀ ਰੀੜ੍ਹ ਦੀ ਹੱਡੀ ਵੀ ਕਿਹਾ ਜਾਂਦਾ ਹੈ। ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਚੱਲ ਰਹੇ ਲੌਕਡਾਊਨ ਕਾਰਨ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਟਰੱਕ ਡਰਾਈਵਰ ਵੀ ਵੱਖ-ਵੱਖ ਥਾਵਾਂ 'ਤੇ ਫਸੇ ਹੋਏ ਹਨ। ਜੇਕਰ ਗੱਲ ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੀ, ਤਾਂ ਇੱਥੇ ਕਈ ਟਰੱਕ ਡਰਾਇਵਰ ਫਸੇ ਹੋਏ ਹਨ। ਜ਼ਿਆਦਾਤਰ ਟਰੱਕ ਯੂਪੀ, ਹਿਮਾਚਲ, ਦਿੱਲੀ ਅਤੇ ਗਾਜ਼ੀਆਬਾਦ ਤੋਂ ਆਏ ਹੋਏ ਹਨ।
ਹਾਲਾਂਕਿ ਕੁਝ ਟਰੱਕ ਡਰਾਈਵਰ ਗੱਡੀਆਂ ਖਾਲੀ ਕਰਕੇ ਇੱਥੋਂ ਜਾ ਚੁੱਕੇ ਹਨ ਅਤੇ ਕੁੱਝ ਇੱਥੇ ਹੀ ਫਸ ਗਏ ਹਨ। ਇਸ ਕਾਰਨ ਉਨ੍ਹਾਂ ਨੂੰ ਬੇਹਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਟਰੱਕ ਡਰਾਈਵਰਾਂ ਦਾ ਕਹਿਣਾ ਸੀ ਕਿ ਉਹ 21 ਮਾਰਚ ਨੂੰ ਮੰਡੀ ਗੋਬਿੰਦਗੜ੍ਹ ਆਏ ਸਨ ਅਤੇ ਲੌਕਡਾਊਨ ਦੇ ਚੱਲਦੇ ਉਨ੍ਹਾਂ ਨੂੰ ਇੱਥੇ ਰੁਕਣਾ ਪਿਆ ਪਰ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਕਰਫਿਊ ਲਗਾ ਦਿੱਤਾ ਗਿਆ। ਇਸ ਕਾਰਨ ਉਨ੍ਹਾਂ ਨੂੰ ਇੱਥੋਂ ਘਰ ਜਾਣ ਦੇ ਲਈ ਕੋਈ ਸਾਧਨ ਨਹੀਂ ਮਿਲਿਆ।
ਇਸ ਮੌਕੇ ਉਨ੍ਹਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਨਾ ਤਾਂ ਇੱਥੇ ਖਾਣ ਨੂੰ ਰੋਟੀ ਮਿਲ ਰਹੀ ਹੈ ਅਤੇ ਨਾ ਹੀ ਉਨ੍ਹਾਂ ਕੋਲ ਪੈਸੇ ਹਨ ਜੇਕਰ ਉਹ ਇੱਥੋਂ ਬਾਹਰ ਨਿਕਲਦੇ ਹਨ ਤਾਂ ਉਨ੍ਹਾਂ ਨੂੰ ਪੁਲਿਸ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨ ਤੋਂ ਉਨ੍ਹਾਂ ਕੋਲ ਖਾਣ ਲਈ ਵੀ ਕੁਝ ਨਹੀਂ ਪਹੁੰਚ ਰਿਹਾ। ਜੇਕਰ ਰੋਟੀ ਮਿਲ ਜਾਂਦੀ ਹੈ ਤਾਂ ਖਾ ਲੈਂਦੇ ਹਨ ਨਹੀਂ ਓਦਾ ਹੀ ਗੁਜਾਰਾ ਕਰਨਾ ਪੈ ਰਿਹਾ ਹੈ।
ਟੱਰਕ ਡਰਾਇਵਰਾਂ ਨੇ ਕਿਹਾ ਕਿ ਟਰੱਕ ਪਾਰਕਿੰਗ ਦੇ ਵਿੱਚ ਕੰਟੀਨ ਹੈ ਉਹ ਉੱਥੇ ਤੋਂ ਹੀ ਕੁਝ ਨਾ ਕੁਝ ਖਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਟਰੱਕ ਪਾਰਕਿੰਗ ਦੀ ਫ਼ੀਸ ਵੀ ਇੱਕ ਦਿਨ ਦੀ 100 ਰੁਪਿਆ ਹੈ ਜੋ ਉਨ੍ਹਾਂ ਨੂੰ ਦੇਣੀ ਪਵੇਗੀ। ਟੱਰਕ ਡਰਾਇਵਰਾਂ ਨੇ ਕਿਹਾ ਕਿ ਕੰਮ ਬੰਦ ਹੋਣ ਦੇ ਕਾਰਨ ਉਨ੍ਹਾਂ ਨੂੰ ਪਰਿਵਾਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਗਿਆ ਹੈ।
ਟਰੱਕਾਂ ਦੇ ਨੁਕਸਾਨ ਬਾਰੇ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਟਰੱਕ ਕਿਸ਼ਤਾਂ 'ਤੇ ਲਏ ਹੋਏ ਹਨ, ਹੁਣ ਕੰਮ ਨਾ ਹੋਣ ਦੀ ਵਜ੍ਹਾ ਕਰਕੇ ਕਿਸ਼ਤਾਂ ਵੀ ਟੁੱਟ ਰਹੀਆਂ ਹਨ ਅਤੇ ਉਨ੍ਹਾਂ ਦਾ ਖਰਚ ਵੀ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਇੱਕੀ ਮਾਰਚ ਤੋਂ ਟਰੱਕ ਨਹੀਂ ਚੱਲੇ ਹਨ ਜਿਸ ਨਾਲ ਟਰੱਕ ਦੇ ਟਾਇਰ ਅਤੇ ਇੰਜਣ ਦਾ ਵੀ ਨੁਕਸਾਨ ਹੋਵੇਗਾ ਕਿਉਂਕਿ ਰੋਜ਼ ਟਰੱਕ ਨੂੰ ਚਲਾਉਣਾ ਪੈਂਦਾ ਹੈ ਜੋ ਲਾਕਡਾਊਨ ਦੇ ਕਾਰਨ ਨਹੀਂ ਚਲੇ। ਉਨ੍ਹਾਂ ਦੇ ਟਾਇਰ ਖਰਾਬ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕੁਝ ਸਮਾਂ ਦੇਣਾ ਚਾਹੀਦਾ ਸੀ ਤਾਂ ਜੋ ਉਹ ਆਪਣੇ ਘਰਾਂ ਨੂੰ ਜਾ ਸਕਦੇ ਅਤੇ ਪਰਿਵਾਰ ਦੇ ਨਾਲ ਰਹਿੰਦੇ। ਡਰਾਈਵਰਾਂ ਦਾ ਕਹਿਣਾ ਸੀ ਕਿ ਇਸ ਮਹਾਂਮਾਰੀ ਦੇ ਵਿੱਚ ਉਹ ਸਰਕਾਰ ਦਾ ਸਾਥ ਜ਼ਰੂਰ ਦੇਣਗੇ।