ਸ੍ਰੀ ਫਤਿਹਗੜ੍ਹ ਸਾਹਿਬ: ਜਿੱਥੇ ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਪ੍ਰਸ਼ਾਸ਼ਨ ਮੁਸਤੈਦ ਨਜ਼ਰ ਆ ਰਿਹਾ ਹੈ ਉਥੇ ਹੀ ਪੰਜਾਬ ਵਿੱਚ ਕੋਰੋਨਾ ਦੇ ਸ਼ੱਕੀਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਮਾਲੋਵਾਲ ਵਿੱਚ 2 ਸ਼ੱਕੀ ਵਿਅਕਤੀ ਸਾਹਮਣੇ ਆਏ ਹਨ।
ਅਜਿਹੀ ਸਥਿਤੀ ਵਿੱਚ ਫਤਿਹਗੜ੍ਹ ਸਾਹਿਬ ਵਿੱਚ ਵੀ ਧਾਰਾ 144 ਲਗਾ ਦਿੱਤੀ ਗਈ ਹੈ। ਇਸ ਸ਼ੱਕੀ ਵਿੱਚੋਂ ਇੱਕ ਨੂੰ ਸਿਹਤ ਵਿਭਾਗ ਵਲੋਂ ਅਮਲੋਹ ਦੇ ਸਿਵਲ ਹਸਪਤਾਲ ਦੇ ਆਇਸੋਲੇਟੇਡ ਵਾਰਡ ਵਿੱਚ ਰੱਖਿਆ ਹੈ। ਸਿਹਤ ਵਿਭਾਗ ਨੇ ਮੁਸਤੇਦੀ ਦਿਖਾਂਉਦੇ ਹੋਏ ਸ਼ੱਕੀ ਦੇ ਪਰਵਾਰਕ ਮੈਬਰਾਂ ਨੂੰ ਵੀ ਜਾਂਚ ਲਈ ਹਸਪਤਾਲ ਵਿੱਚ ਰੱਖਿਆ ਹੈ। ਇਹ ਵਿਅਕਤੀ ਗਰੀਸ ਤੋਂ ਭਾਰਤ ਆਇਆ ਹੋਇਆ ਸੀ।
ਸਿਹਤ ਵਿਭਾਗ ਦੇ ਅਧਿਕਾਰੀ ਮੁਤਾਬਕ ਸ਼ੱਕੀ ਵਿਅਕਤੀ ਵਿੱਚ ਕੋਰੋਨਾ ਦੇ ਕੁੱਝ ਲੱਛਣ ਪਾਏ ਜਾ ਰਹੇ ਹਨ ਪਰ ਇਸ ਗੱਲ ਦੀ ਪੁਸ਼ਟੀ ਰਿਪੋਰਟ ਆਉਣ ਦੇ ਬਾਅਦ ਹੀ ਕੀਤੀ ਜਾ ਸਕਦੀ ਹੈ।
ਦੱਸ ਦਈਏ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਦੇ 258 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿੱਚੋਂ 4 ਦੀ ਮੌਤ ਹੋ ਗਈ ਹੈ। ਇਸ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਵਿੱਦਿਅਕ ਅਦਾਰੇ, ਜਿਮ, ਕਲੱਬ, ਸਿਨੇਮਾ ਘਰ 31 ਮਾਰਚ ਤੱਕ ਬੰਦ ਕਰ ਦਿੱਤੇ ਗਏ ਹਨ।