ਸ੍ਰੀ ਫ਼ਤਹਿਗੜ੍ਹ ਸਾਹਿਬ: ਆਪਣੇ ਕੁੱਝ ਭ੍ਰਿਸ਼ਟ ਲੀਡਰਾਂ ਨੂੰ ਬਚਾਉਣ ਲਈ ਕਾਂਗਰਸ ਪਾਰਟੀ ਨੇ ਆਮ ਆਦਮੀ ਪਾਰਟੀ ਅੱਗੇ ਗੋਡੇ ਟੇਕ ਦਿੱਤੇ ਹਨ। ਇਹ ਬਿਆਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਦਿੱਤਾ ਹੈ। ਉਹ ਲੋਕਾਂ ਸਭਾ ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਬੀਜੇਪੀ ਦੇ ਵਰਕਰਾਂ ਨਾਲ ਮੀਟਿੰਗ ਕਰ ਲਈ ਸਰਹਿੰਦ ਆਏ ਹੋਏ ਸਨ। ਜਾਖੜ ਨੇ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਦਵਾਉਣ ਆਇਆ ਹਾਂ ਕਿ ਪੰਜਾਬ ਦੇ ਲੋਕਾਂ ਦੇ ਦੁੱਖ ਦਰਦ ਅਤੇ ਆਵਾਜ਼ ਨੂੰ ਚੁੱਕਣਾ ਭਾਜਪਾ ਦੀ ਜਿੰਮੇਦਾਰੀ ਹੈ।
ਹੜ੍ਹਾਂ ਲਈ ਪੰਜਾਬ ਸਰਕਾਰ ਜਿੰਮੇਵਾਰ : ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਅੰਦਰ ਹੜਾਂ ਕਾਰਨ ਹੋਏ ਨੁਕਸਾਨ ਲਈ ਪੰਜਾਬ ਸਰਕਾਰ ਜਿੰਮੇਵਾਰ ਹੈ। ਜੇਕਰ ਸਰਕਾਰ ਆਪਣੀ ਜਿੰਮੇਵਾਰੀ ਸਮਝਦੀ ਤਾਂ ਇਹ ਹਾਲ ਨਾ ਹੁੰਦਾ। ਸਰਕਾਰ ਨੂੰ ਸਮਾਂ ਰਹਿੰਦਿਆਂ ਇਸ ਲਈ ਪ੍ਰਬੰਧ ਕਰਨਾ ਚਾਹੀਦਾ ਸੀ। ਹਰ ਸਾਲ ਬਰਸਾਤੀ ਦਿਨਾਂ ਵਿੱਚ ਪ੍ਰਬੰਧ ਪਹਿਲਾ ਤੋਂ ਕੀਤੇ ਜਾਂਦੇ ਹਨ ਪਰ ਪਰ ਇਸ ਵਾਰ ਅਜਿਹਾ ਕੁਝ ਨਹੀਂ ਹੋਇਆ, ਜਿਸਦਾ ਨਤੀਜਾ ਪੰਜਾਬ ਦੇ ਲੋਕ ਭੁਗਤ ਰਹੇ ਹਨ।
ਕਾਂਗਰਸ ਦੇ ਵਰਕਰ ਨਿਰਾਸ਼ : ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਸਾਡੀ ਸਰਕਾਰ ਆਉਣ ਉੱਤੇ ਕੁਦਰਤੀ ਆਫ਼ਤ ਕਾਰਣ ਹੋਏ ਨੁਕਸਾਨ ਲਈ ਦਿੱਲੀ ਦੀ ਤਰਜ਼ ਉੱਤੇ ਹੀ ਫ਼ਸਲਾਂ ਦੀ ਗਿਰਦਾਵਰੀ ਕਰਵਾਏ ਬਿਨਾਂ ਪਹਿਲਾ ਹੀ ਮੁਆਵਜ਼ਾ ਦਿੱਤਾ ਜਾਵੇਗਾ। ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਗੱਲ ਕਹਿ ਕੇ ਭੁੱਲ ਜਾਂਦੇ ਹਨ। ਇਸ ਲਈ ਸਾਨੂੰ ਗਵਰਨਰ ਕੋਲ ਵੀ ਜਾਣਾ ਪਿਆ ਹੈ। ਉਨ੍ਹਾਂ ਕਿਹਾ ਕਿ 50 ਸਾਲ ਮੈਂ ਕਾਂਗਰਸ ਪਾਰਟੀ ਵਿੱਚ ਰਿਹਾ ਪਰ ਅੱਜ ਕੁੱਝ ਛੋਟੀ ਸੋਚ ਵਾਲੇ ਲੀਡਰਾਂ ਕਰਕੇ ਇਸਦੇ ਆਪਣੇ ਵਰਕਰਾਂ ਦਾ ਵਿਸ਼ਵਾਸ ਟੁੱਟ ਚੁੱਕਾ ਹੈ। ਕਾਂਗਰਸੀ ਵਰਕਰ ਨਿਰਾਸ਼ ਹੋ ਚੁੱਕਾ ਹੈ।