ਫ਼ਤਿਹਗੜ੍ਹ ਸਾਹਿਬ: ਸੁਖਜਿੰਦਰ ਸਿੰਘ ਰੰਧਾਵਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੁਲਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੇ ਜਾਣ ਵਾਲੀ ਵਾਇਰਲ ਵੀਡੀਓ ਦਾ ਮਾਮਲਾ ਭਖ਼ਦਾ ਹੀ ਜਾ ਰਿਹਾ ਹੈ। ਹੁਣ ਇਸ ਉੱਤੇ ਨਾਰਾਜ਼ਗੀ ਜ਼ਾਹਰ ਕਰਦਿਆ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਅਤੇ ਇੰਦਰਜੀਤ ਸਿੰਘ ਨੇ ਫ਼ਤਹਿਗੜ੍ਹ ਤੋਂ ਐਸਐਸਪੀ ਨੂੰ ਦਰਖ਼ਾਸਤ ਸੌਂਪ ਦਿੱਤੀ ਹੈ।
ਫ਼ਤਹਿਗੜ੍ਹ ਸਹਿਬ ਤੋਂ ਐਸਐਸਪੀ ਅਮਨੀਤ ਕੌਰ ਕੌਂਡਲ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਵੀਡੀਓ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਮਖੌਲ ਉਡਾ ਰਹੇ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤੁਲਨਾ ਮੌਜੂਦਾ ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਗਈ ਹੈ। ਵੀਡੀਓ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਅਤੇ ਉਸ ਦੇ ਸਮਰਥਕ ਵਾਰ-ਵਾਰ ਜ਼ੋਰ ਨਾਲ ਹੱਸ ਰਹੇ ਹਨ। ਇਸ ਲਈ ਰੰਧਾਵਾ ਅਤੇ ਉਸ ਦੇ ਸਾਥੀਆਂ ਨੇ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਉਨ੍ਹਾਂ ਨੇ ਰੰਧਾਵਾ ਕਤੇ ਸਾਥੀਆਂ ਵਿਰੁੱਧ ਕਾਨੂੰਨੀ ਅਤੇ ਲੋੜੀਂਦੀ ਕਾਰਵਾਈ ਕਰਨ ਅਤੇ ਆਈਪੀਸੀ ਦੀ ਧਾਰਾ 295-ਏ / 120-ਬੀ ਦੇ ਤਹਿਤ ਕੈਬਿਨੇਟ ਮੰਤਰੀ, ਪੰਜਾਬ ਸਰਕਾਰ, ਚੰਡੀਗੜ੍ਹ ਅਤੇ ਹੋਰ ਦੋਸ਼ੀ ਵਿਅਕਤੀਆਂ ਵਿਰੁੱਧ ਅਪਰਾਧਕ ਕੇਸ ਦਰਜ ਕਰਨ ਲਈ ਐਸਐਸਪੀ ਫ਼ਤਿਹਗੜ੍ਹ ਸਹਿਬ ਕੋਲ ਬੇਨਤੀ ਕੀਤੀ ਹੈ। ਉਨ੍ਹਾਂ ਦੇ ਨਾਲ ਐਡਵੋਕੇਟ ਇੰਦਰਜੀਤ ਸਿੰਘ ਵੀ ਮੌਜੂਦ ਰਹੇ।
ਫ਼ਤਿਹਗੜ੍ਹ ਸਹਿਬ ਤੋਂ ਐਸਐਸਪੀ ਅਵਨੀਤ ਕੌਰ ਕੌਂਡਲ ਨੇ ਦਰਖ਼ਾਸਤ ਲੈਣ ਤੋਂ ਬੋਲਦੇ ਦੱਸਿਆ ਕਿ ਉਨ੍ਹਾਂ ਨੂੰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਮੰਤਰੀ ਰੰਧਾਵਾ ਵਿਰੁੱਧ ਦਰਖ਼ਾਸਤ ਦਿੱਤੀ ਹੈ, ਜੋ ਕਿ ਐਸਪੀਡੀ ਨੂੰ ਮਾਰਕ ਕਰ ਦਿੱਤਾ ਹੈ। ਇਸ ਦੀ ਜਾਂਚ ਕਰ ਕਾਰਵਾਈ ਕੀਤੀ ਜਾਵੇਗੀ।