ਸ੍ਰੀ ਫ਼ਤਿਹਗੜ੍ਹ ਸਾਹਿਬ: ਅਕਾਲੀ ਦਲ ਦੇ ਮੁੱਖ ਬੁਲਾਰੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸ਼ੁੱਕਰਵਾਰ ਨੂੰ ਫ਼ਤਿਹਗੜ੍ਹ ਸਾਹਿਬ ਵਿਖੇ ਪਹੁੰਚੇ। ਉੱਥੇ ਹੀ ਅਕਾਲੀ-ਭਾਜਪਾ ਵਿੱਚ CAA ਨੂੰ ਲੈ ਕੇ ਪੈਦਾ ਹੋਏ ਮਤਭੇਦ ਉੱਤੇ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਦਾ ਸਟੈਂਡ ਸਪੱਸ਼ਟ ਹੈ ਤੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਉੱਤੇ ਪਿੱਛੇ ਨਹੀਂ ਹੱਟੇਗੀ।
ਚੰਦੂਮਾਜਰਾ ਨੇ ਕਿਹਾ ਕਿ ਇਸ ਕਾਨੂੰਨ ਵਿੱਚ ਅਕਾਲੀ ਦਲ ਨੇ ਭਾਜਪਾ ਨੂੰ ਕੁੱਝ ਜ਼ਰੂਰੀ ਸੁਝਾਅ ਦਿੱਤੇ ਸਨ ਕਿ ਬਾਕੀ ਸਮੁਦਾਇਆਂ ਦੇ ਨਾਲ-ਨਾਲ ਇਸ ਵਿੱਚ ਮੁਸਲਮਾਨਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਜੇਕਰ ਉਹ ਇਸ ਸੁਝਾਅ ਉੱਤੇ ਸਹਿਮਤੀ ਬਣਾਉਂਦੀ ਤਾਂ ਦੇਸ਼ ਅੰਦਰ ਇਸ ਕਾਨੂੰਨ ਨੂੰ ਲੈ ਕੇ ਲੋਕ ਇੰਨਾ ਪ੍ਰਦਰਸ਼ਨ ਨਾ ਕਰਦੇ।
ਉੱਥੇ ਹੀ, ਪ੍ਰੋ. ਚੰਦੂਮਾਜਰਾ ਨੇ ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੀ ਮੌਤ ਦੀ ਸੀਬੀਆਈ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਅਤੇ ਪਰਿਵਾਰ ਨੂੰ ਇਨਸਾਫ਼ ਦਵਾਉਣ ਲਈ ਅਕਾਲੀ ਦਲ ਵਲੋਂ ਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਗੱਲ ਕਹੀ।
ਚੰਦੂਮਾਜਰਾ ਨੇ ਪੱਤਰਕਾਰਾਂ ਦੇ ਰੂਬਰੂ ਹੁੰਦੇ ਹੋਏ ਕਿਹਾ ਕਿ ਦਿੱਲੀ ਚੋਣਾਂ ਦੇ ਮੱਦੇਨਜਰ ਕਾਂਗਰਸ ਵਲੋਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦਾ ਨਾਮ ਸਟਾਰ ਪ੍ਰਚਾਰਕ ਦੀ ਲਿਸਟ ਵਿੱਚ ਸ਼ਾਮਲ ਕਰਕੇ ਕਾਂਗਰਸ ਨੇ ਸਿੱਖਾਂ ਦੇ ਜਖ਼ਮਾਂ ਉੱਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ। ਵਾਰ-ਵਾਰ ਕਾਂਗਰਸ ਸਿੱਖਾਂ ਦੇ ਸਬਰ ਦਾ ਇਮਤਿਹਾਨ ਲੈ ਰਹੀ ਹੈ।
ਪਾਕਿਸਤਾਨ ਵਿੱਚ ਹਿੰਦੂ-ਸਿੱਖ ਲੜਕੀਆਂ ਦਾ ਜਬਰੀ ਧਰਮ ਤਬਦੀਲੀ ਕਰਨ ਉੱਤੇ ਚੰਦੂਮਾਜਰਾ ਨੇ ਕਿਹਾ ਕਿ ਪਾਕਿਸਤਾਨ ਦੀ ਘੱਟ ਗਿਣਤੀ ਉੱਤੇ ਤਸ਼ਦਦ ਹੋ ਰਹੀ ਹੈ ਅਤੇ ਗੁਰੂਧਾਮਾਂ ਦਾ ਨਿਰਾਦਰ ਹੋ ਰਿਹਾ ਹੈ। ਜੇਕਰ, ਭਾਰਤ ਸਰਕਾਰ ਉਨ੍ਹਾਂ ਨੂੰ ਸਹਾਰਾ ਦੇਣਾ ਚਾਹੁੰਦੀ ਹੈ ਉਸ ਉੱਤੇ ਕਾਂਗਰਸ ਸਿਆਸਤ ਕਰ ਰਹੀ ਹੈ।
ਪੰਜਾਬ ਦੇ ਪਾਣੀ ਦੇ ਮਸਲੇ ਉੱਤੇ ਚੰਦੂਮਾਜਰਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਸਾਰੇ ਰਾਜਨੀਤਕ ਪਾਰਟੀਆਂ ਨੇ ਸਹਿਮਤ ਹੋ ਕੇ ਆਪਣੇ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਇੱਕ ਜੁੱਟਤਾ ਵਿਖਾਈ ਹੈ, ਜੋ ਪੰਜਾਬ ਨਾਲ ਪਾਣੀ ਨੂੰ ਲੈ ਕੇ ਧੱਕਾ ਹੋਇਆ ਹੈ, ਉਸ ਲਈ ਪ੍ਰਧਾਨਮੰਤਰੀ ਨੂੰ ਮਿਲ ਕੇ ਪੂਰਾ ਮਾਮਲਾ ਧਿਆਨ ਵਿੱਚ ਲਿਆਇਆ ਜਾਵੇਗਾ ਅਤੇ ਇਸ ਨੂੰ ਹੱਲ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ: 'ਸੁਖਬੀਰ ਬਾਦਲ ਬੁਖਲਾਹਟ 'ਚ ਆਪਣੀ ਸਿਆਸਤ ਚਮਕਾਉਣ ਦੀ ਕਰ ਰਿਹਾ ਹੈ ਕੋਸ਼ਿਸ਼'