ਸ੍ਰੀ ਫ਼ਤਿਹਗੜ੍ਹ ਸਾਹਿਬ: ਵਿਧਾਨ ਸਭਾ ਹਲਕਾ ਅਮਲੋਹ ਵਿੱਚ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠਿਆ ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ । ਇਸ ਮੌਕੇ ਮਜੀਠੀਆ ਨੇ ਕਾਂਗਰਸ ਸਰਕਾਰ ਅਤੇ ਅਕਾਲੀ ਦਲ ਛੱਡ ਕੇ ਕਾਂਗਰਸ ਦਾ ਪੱਲਾ ਫੜ੍ਹਨ ਵਾਲੇ ਸ਼ੇਰ ਸਿੰਘ ਘੁਬਾਇਆ 'ਤੇ ਜਮ ਕੇ ਨਿਸ਼ਾਨੇ ਵਿੰਨ੍ਹੇ।
ਇਸ ਮੌਕੇ 'ਤੇ ਮਜੀਠਿਆ ਨੇ ਕਿਹਾ ਕਿ ਪਟਿਆਲਾ ਤੋਂ ਇੱਕ ਦਰਜੇ ਦੇ ਗੈਂਗਸਟਰ ਨੂੰ ਮੁੱਖ ਮੰਤਰੀ ਦਾ ਪਰਿਵਾਰ ਖ਼ੁਦ ਕਾਂਗਰਸ ਵਿੱਚ ਸ਼ਾਮਲ ਕਰਵਾ ਰਿਹਾ ਹੈ ਜਿਸ ਤੋਂ ਇਹ ਖ਼ਦਸ਼ਾ ਪ੍ਰਗਟ ਹੋ ਰਿਹਾ ਕਿ ਕਾਂਗਰਸ ਇਨ੍ਹਾਂ ਗੈਂਗਸਟਰਾਂ ਦਾ ਇਸਤੇਮਾਲ ਆਮ ਚੋਣਾਂ ਵਿੱਚ ਲੋਕਾਂ ਨੂੰ ਡਰਾਉਣ ਲਈ ਕਰੇਗੀ।
ਇਸ ਦੌਰਾਨ ਕਾਂਗਰਸ ਦੀ ਵਾਅਦਾ ਖ਼ਿਲਾਫ਼ੀ ਬਾਰੇ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੰਡੀ ਗੋਬਿੰਦਗੜ੍ਹ ਦੀ ਇੰਡਸਟਰੀ ਨੂੰ ਪੰਜ ਰੁਪਏ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਨੂੰ 5 ਰੁਪਏ 'ਤੇ ਬਿਜਲੀ ਮਿਲਣੀ ਤਾਂ ਦੂਰ ਦੀ ਗੱਲ ਸਗੋਂ ਬਿਜਲੀ ਦੇ ਰੇਟਾਂ ਵਿੱਚ ਵਾਧਾ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਆੜੇ ਹੱਥੀਂ ਲੈਦਿਆਂ ਮਜੀਠੀਆ ਨੇ ਕਿਹਾ ਕਿ ਰਾਹੁਲ ਗਾਂਧੀ ਆਪਣੇ ਹੀ ਜੱਦੀ ਹਲਕੇ ਤੋਂ ਡਰ ਮਹਿਸੂਸ ਕਰ ਰਹੇ ਹਨ। ਇਸ ਲਈ ਉਹ 2 ਥਾਵਾਂ ਤੋਂ ਚੋਣਾਂ ਲੜ ਰਹੇ ਹਨ। ਕਾਂਗਰਸ ਦੇ ਵਰਕਰ ਖ਼ੁਦ ਹੀ ਮੰਨਦੇ ਹਨ ਕਿ ਰਾਹੁਲ ਗਾਂਧੀ ਦੀ ਲੀਡਰਸ਼ਿਪ ਵਿੱਚ ਕਾਂਗਰਸ ਫੇਲ ਹੈ। ਇਸ ਲਈ ਕਾਂਗਰਸ ਪ੍ਰਿਯੰਕਾ ਗਾਂਧੀ ਨੂੰ ਅੱਗੇ ਲੈ ਕੇ ਆ ਰਹੀ ਹੈ।
ਸ਼ੇਰ ਸਿੰਘ ਘੁਬਾਇਆ ਦੇ ਪੁੱਤਰ ਦਵਿੰਦਰ ਸਿੰਘ ਘੁਬਾਇਆ ਵੱਲੋਂ ਸੁਖਬੀਰ ਸਿੰਘ ਬਾਦਲ ਬਾਰੇ ਦਿੱਤੇ ਬਿਆਨ 'ਤੇ ਮਜੀਠੀਆ ਨੇ ਕਿਹਾ, 'ਮੈਂ ਉਨ੍ਹਾਂ ਬਾਰੇ ਕੀ ਕਹਿਣਾ ਜੋ ਔਰਤਾਂ ਦੀ ਇੱਜ਼ਤ ਨਹੀਂ ਕਰਦੇ, ਦਵਿੰਦਰ ਦੇ ਪਿਤਾ ਦੀ ਵੀਡੀਓ ਤਾਂ ਸਾਰਿਆਂ ਨੇ ਵੇਖੀਆਂ ਹੀ ਹਨ ਇਸ ਲਈ ਮੈਂ ਇਨ੍ਹਾਂ ਬਾਰੇ ਕੁਝ ਵੀ ਨਹੀਂ ਕਹਿਣਾ।'