ਸਰਹਿੰਦ: ਬੀਤੀ ਦੇਰ ਰਾਤ ਬਿਹਾਰ ਜਾਣ ਵਾਲੀ ਸਪੈਸ਼ਲ ਟ੍ਰੇਨ ਰੱਦ ਹੋਣ ਕਾਰਨ ਗੁੱਸੇ ਵਿਚ ਆਏ ਯਾਤਰੀਆਂ ਨੇ ਸਰਹਿੰਦ ਰੇਲਵੇ ਸਟੇਸ਼ਨ 'ਤੇ ਹੰਗਾਮਾ ਕਰਦਿਆਂ ਟ੍ਰੇਨ 'ਤੇ ਪਥਰਾਓ ਕੀਤਾ। ਵੱਡੀ ਗਿਣਤੀ ਵਿੱਚ ਸਰਹਿੰਦ ਰੇਲਵੇ ਸਟੇਸ਼ਨ 'ਤੇ ਇੱਕਠੇ ਹੋਏ ਯਾਤਰੀਆਂ ਨੇ ਪਹਿਲਾਂ ਰੇਲਵੇ ਸਟੇਸ਼ਨ 'ਤੇ ਹੰਗਾਮਾ ਕੀਤਾ ਅਤੇ ਬਾਅਦ ਵਿੱਚ ਰੇਲਵੇ ਟਰੈਕ 'ਤੇ ਉੱਤਰ ਕੇ ਟਰੇਨ 'ਤੇ ਪਥਰਾਓ ਕੀਤਾ ਗਿਆ। ਪਥਰਾਓ ਤੋ ਬਾਅਦ ਰੇਲਵੇ ਪੁਲਿਸ ਅਤੇ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਅਧਿਕਾਰੀ ਤੁਰੰਤ ਹਰਕਤ ਵਿਚ ਆ ਗਏ।
ਛੱਠ ਪੂਜਾ ਲਈ ਸਪੈਸ਼ਲ ਟ੍ਰੇਨ: ਦਰਅਸਲ ਛੱਠ ਪੂਜਾ ਦੇ ਕੁਝ ਹੀ ਦਿਨ ਬਾਕੀ ਹਨ। ਅਜਿਹੇ 'ਚ ਜ਼ਿਆਦਾਤਰ ਲੋਕ ਆਪੋ-ਆਪਣੇ ਘਰਾਂ ਨੂੰ ਜਾ ਰਹੇ ਹਨ। ਅਜਿਹੇ 'ਚ ਬਿਹਾਰ ਜਾ ਰਹੀ ਟ੍ਰੇਨ 'ਤੇ ਯਾਤਰੀਆਂ ਨੇ ਪਥਰਾਅ ਕੀਤਾ ਹੈ। ਦਰਅਸਲ ਬਿਹਾਰ 'ਚ ਛਠ ਪੂਜਾ ਲਈ ਯਾਤਰੀਆਂ ਦੀ ਸਹੂਲਤ ਲਈ ਜਾ ਰਹੀ ਸਪੈਸ਼ਲ ਟ੍ਰੇਨ 'ਤੇ ਮੰਗਲਵਾਰ ਰਾਤ 9 ਵਜੇ ਸਰਹਿੰਦ ਰੇਲਵੇ ਸਟੇਸ਼ਨ 'ਤੇ ਰੇਲਵੇ ਯਾਤਰੀਆਂ ਨੇ ਪਥਰਾਅ ਕੀਤਾ। ਛਠ ਪੂਜਾ ਤੋਂ ਠੀਕ ਪਹਿਲਾਂ ਸਪੈਸ਼ਲ ਟਰੇਨ ਦੇ ਰੱਦ ਹੋਣ ਨਾਲ ਯਾਤਰੀਆਂ ਦਾ ਗੁੱਸਾ ਵਧ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਹੰਗਾਮਾ ਕਰ ਦਿੱਤਾ।
ਸਵੇਰ ਤੋਂ ਥੋੜੀ ਦੇਰ 'ਚ ਟ੍ਰੇਨ ਚੱਲਣ ਦੀ ਕਹਿ ਰਹੇ ਸੀ ਗੱਲ: ਜਿਕਰਯੋਗ ਹੈ ਕਿ ਰੇਲਵੇ ਵਿਭਾਗ ਵੱਲੋ ਸਰਹਿੰਦ ਰੇਲਵੇ ਸਟੇਸ਼ਨ 'ਤੇ ਬਿਹਾਰ 'ਚ ਛਠ ਪੂਜਾ ਲਈ ਯਾਤਰੀਆਂ ਦੀ ਸਹੂਲਤ ਲਈ ਸਪੈਸ਼ਲ ਟ੍ਰੇਨ ਦਾ ਪ੍ਰਬੰਧ ਕੀਤਾ ਸੀ ਅਤੇ ਸਟੇਸ਼ਨ 'ਤੇ ਟ੍ਰੇਨ ਦਾ ਇੰਤਜਾਰ ਕਰ ਰਹੇ ਯਾਤਰੀਆਂ ਨੂੰ ਅਚਾਨਕ ਸਪੈਸ਼ਲ ਟ੍ਰੇਨ ਦੇ ਰੱਦ ਹੋਣ ਦੀ ਸੂਚਨਾ ਮਿਲੀ। ਕਾਫੀ ਸਮੇਂ ਤੋ ਟ੍ਰੇਨ ਦੇ ਇੰਤਜਾਰ ਵਿਚ ਬੈਠੇ ਯਾਤਰੀ ਅਚਾਨਕ ਗੁੱਸੇ ਵਿਚ ਆ ਗਏ ਅਤੇ ਰੇਲਵੇ ਟ੍ਰੈਕ ਤੋਂ ਗੁਜਰ ਰਹੀ ਇਕ ਟ੍ਰੇਨ 'ਤੇ ਪਥਰਾਓ ਕਰਨ ਲੱਗੇ।
ਰਾਤ ਨੂੰ ਆਖੀ ਟ੍ਰੇਨ ਰੱਦ ਹੋਣ ਦੀ ਗੱਲ: ਸਰਹਿੰਦ ਰੇਲਵੇ ਸਟੇਸ਼ਨ 'ਤੇ ਮੌਜੂਦ ਯਾਤਰੀਆਂ ਨੇ ਦੱਸਿਆ ਕਿ ਛਠ ਪੂਜਾ ਲਈ ਸਰਹਿੰਦ ਤੋਂ ਸਹਰਸਾ ਲਈ ਵਿਸ਼ੇਸ਼ ਰੇਲ ਗੱਡੀ ਚਲਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸ ਲਈ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਆਪਣੀਆਂ ਟਿਕਟਾਂ ਬੁੱਕ ਕਰਵਾਈਆਂ ਸਨ। ਰੇਲ ਗੱਡੀ ਨੇ ਮੰਗਲਵਾਰ ਨੂੰ ਸਰਹਿੰਦ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਣਾ ਸੀ, ਪਰ ਸਵੇਰ ਤੋਂ ਸ਼ਾਮ ਤੱਕ ਉਹ ਯਾਤਰੀਆਂ ਨੂੰ ਦੱਸਦੇ ਰਹੇ ਕਿ ਟ੍ਰੇਨ ਜਲਦੀ ਹੀ ਚੱਲੇਗੀ। ਰਾਤ ਨੂੰ ਸਾਨੂੰ ਦੱਸਿਆ ਗਿਆ ਕਿ ਟ੍ਰੇਨ ਰੱਦ ਕਰ ਦਿੱਤੀ ਗਈ ਹੈ।
ਮਹਿੰਗੇ ਭਾਅ 'ਤੇ ਟਿਕਟਾਂ ਲੈਕੇ ਵੀ ਨਹੀਂ ਮਿਲੀ ਸਹੂਲਤ: ਬਿਹਾਰ ਜਾਣ ਵਾਲੇ ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਦਿਨ ਪਹਿਲਾਂ ਹੀ ਆਪਣੀਆਂ ਸੀਟਾਂ ਬੁੱਕ ਕਰਵਾਈਆਂ ਸਨ ਪਰ ਅੱਜ ਜਦੋਂ ਉਹ ਸਟੇਸ਼ਨ 'ਤੇ ਆਏ ਤਾਂ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਕੁਝ ਸਮੇਂ ਬਾਅਦ ਟ੍ਰੇਨ ਆ ਜਾਵੇਗੀ ਪਰ ਵਾਰ-ਵਾਰ ਪੁੱਛਣ 'ਤੇ ਟ੍ਰੇਨ ਨੇ ਸਮਾਂ ਬਦਲ ਦਿੱਤਾ। ਯਾਤਰੀਆਂ ਨੇ ਕਿਹਾ ਕਿ ਜੇਕਰ ਉਹ ਸਮੇਂ ਸਿਰ ਆਪਣੇ ਘਰ ਨਹੀਂ ਪਹੁੰਚੇ ਤਾਂ ਉਹ ਵਰਤ ਕਿਵੇਂ ਰੱਖਣਗੇ, ਜਦੋਂ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਆਪਣੇ ਘਰਾਂ ਵਿਚ ਉਹਨਾਂ ਦੀ ਉਡੀਕ ਕਰ ਰਹੇ ਸਨ। ਯਾਤਰੀਆਂ ਕਿਹਾ ਕਿ ਉਨ੍ਹਾਂ ਨੇ ਮਹਿੰਗੇ ਭਾਅ 'ਤੇ ਟਿਕਟਾਂ ਲਈਆਂ ਸਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਰੇਲਵੇ ਵਿਭਾਗ ਵੱਲੋਂ ਕੋਈ ਸਹੂਲਤ ਨਹੀਂ ਦਿੱਤੀ ਗਈ ਤੇ ਨਾ ਹੀ ਪੈਸੇ ਵਾਪਸ ਕੀਤੇ ਜਾ ਰਹੇ।
ਪੁਲਿਸ ਨੇ ਕਿਹਾ ਕੰਟਰੋਲ 'ਚ ਸਥਿਤੀ: ਦੂਜੇ ਪਾਸੇ ਰੇਲਵੇ ਪੁਲਿਸ ਅਤੇ ਰੇਲਵੇ ਅਧਿਕਾਰੀ ਵੀ ਗੁੱਸੇ ਵਿੱਚ ਆਏ ਮੁਸਾਫ਼ਰਾਂ ਨੂੰ ਸ਼ਾਂਤ ਕਰਨ ਵਿੱਚ ਬੇਵੱਸ ਨਜ਼ਰ ਆਏ। ਇਸ ਸਬੰਧੀ ਥਾਣਾ ਸਰਹਿੰਦ ਜੀਆਰਪੀ ਦੇ ਇੰਚਾਰਜ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਸਥਿਤੀ ਕਾਬੂ ਹੇਠ ਹੈ ਅਤੇ ਟ੍ਰੇਨ ਦੇ ਲੇਟ ਹੋਣ ਕਾਰਨ ਯਾਤਰੀਆਂ ਵਿੱਚ ਗੁੱਸਾ ਸੀ, ਉਨ੍ਹਾਂ ਨੂੰ ਸ਼ਾਂਤ ਕਰ ਦਿੱਤਾ ਗਿਆ ਹੈ। ਜਦੋ ਉਨ੍ਹਾਂ ਨੂੰ ਟ੍ਰੇਨ 'ਤੇ ਪਥਰਾਓ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਥਰਾਓ ਨਹੀਂ ਹੋਇਆ। ਰੇਲਵੇ ਪ੍ਰੋਟੈਕਰਸ਼ਨ ਫੋਰਸ ਦੇ ਅਧਿਕਾਰੀਆਂ ਨੇ ਵੀ ਦੱਸਿਆ ਕਿ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿਚ ਹੈ।