ਫ਼ਤਹਿਗੜ੍ਹ ਸਾਹਿਬ: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿੱਤੇ ਪ੍ਰੋਗਰਾਮ ਅਨੁਸਾਰ ਅੱਜ ਸੂਬੇ ਅੰਦਰ ਪੰਜਾਬ ਅਤੇ ਕੇਂਦਰ ਸਰਕਾਰ ਖ਼ਿਲਾਫ਼ ਹਲਕਾ ਪੱਧਰੀ ਧਰਨੇ ਦਿੱਤੇ ਗਏ। ਇਸੇ ਲੜੀ ਦੇ ਤਹਿਤ ਇੱਕ ਧਰਨਾ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ ਐਸਡੀਐਮ ਦਫ਼ਤਰ ਅਮਲੋਹ ਅੱਗੇ ਦਿੱਤਾ ਗਿਆ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ, ਆਗੂਆਂ ਤੇ ਹੋਰ ਅਹੁਦੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕੈਪਟਨ ਸਰਕਾਰ ਦਾ ਸਤਾਇਆ ਹਰ ਵਰਗ ਸ਼ਾਮਲ ਹੋਇਆ।
ਇਸ ਮੌਕੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਜੋ ਮੁੱਖ ਮੰਤਰੀ ਸ਼੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਮੁੱਕਰ ਸਕਦਾ ਹੈ ਉਸ ਤੋਂ ਉਮੀਦ ਵੀ ਕੀ ਕੀਤੀ ਜਾ ਸਕਦੀ ਹੈ। ਰਾਜੂ ਖੰਨਾ ਨੇ ਜਿੱਥੇ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਵਧਾਈਆਂ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਕੀਮਤਾਂ ਨੂੰ ਤੁਰੰਤ ਘੱਟ ਕਰਨ ਦੀ ਗੱਲ ਆਖੀ ਉੱਥੇ ਕਿਸਾਨੀ ਨੂੰ ਬਰਬਾਦ ਕਰਨ ਵਿੱਚ ਸੂਬਾ ਤੇ ਕੇਂਦਰ ਦੀ ਸਰਕਾਰ ਨੂੰ ਜ਼ਿੰਮੇਵਾਰ ਵੀ ਦੱਸਿਆ।
ਰਾਜੂ ਖੰਨਾ ਨੇ ਧਰਨੇ ਵਿੱਚ ਸ਼ਾਮਿਲ ਵੱਡੀ ਗਿਣਤੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਕਿਸਾਨੀ ਸੰਘਰਸ਼ ਨੂੰ ਹੁਲਾਰਾ ਦੇਣ ਲਈ ਵੱਡੀ ਗਿਣਤੀ ਵਿੱਚ ਦਿੱਲੀ ਪੁੱਜਣ ਤਾਂ ਜੋ ਮੋਦੀ ਸਰਕਾਰ ਨੂੰ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਲਈ ਮਜਬੂਰ ਕੀਤਾ ਜਾ ਸਕੇ।