ਬਰਨਾਲਾ: ਪੰਜਾਬ ਵਿੱਚ ਝੋਨੇ ਦੇ ਨਕਲੀ ਬੀਜਾਂ ਦੀ ਵਿਕਰੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਸਰਕਾਰ ਹਰਕਤ ਵਿੱਚ ਆਈ ਹੈ। ਇਸ ਕਰਕੇ ਸਰਕਾਰ ਦੇ ਹੁਕਮਾਂ 'ਤੇ ਖੇਤੀਬਾੜੀ ਵਿਭਾਗ ਵਿੱਚ ਸਖਤਾਈ ਕੀਤੀ ਗਈ ਹੈ।
ਖੇਤੀਬਾੜੀ ਵਿਭਾਗ ਵੱਲੋਂ ਪੁਲਿਸ ਨੂੰ ਨਾਲ ਲੈ ਕੇ ਬਰਨਾਲਾ ਵਿੱਚ ਬੀਜਾਂ ਅਤੇ ਕੀੜੇਮਾਰ ਦਵਾਈਆਂ ਦੀਆਂ ਦੁਕਾਨਾਂ ਉੱਤੇ ਚੈਕਿੰਗ ਕੀਤੀ ਗਈ। ਇਸ ਦੌਰਾਨ ਅਧਿਕਾਰੀਆਂ ਨੇ ਕੁਝ ਦੁਕਾਨਾਂ ਤੋਂ ਬੀਜ ਅਤੇ ਖਾਦ ਦੇ ਸੈਂਪਲ ਵੀ ਭਰੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਜਾਂ ਦੀ ਦੁਕਾਨ ਦੇ ਮਾਲਕ ਹਰੀਸ਼ ਕੁਮਾਰ ਨੇ ਦੱਸਿਆ ਕਿ ਬੀਜ ਅਤੇ ਕੀੜੇਮਾਰ ਦਵਾਈਆਂ ਦੇ ਸਾਰੇ ਦੁਕਾਨਦਾਰਾਂ ਵੱਲੋਂ ਖੇਤੀਬਾੜੀ ਵਿਭਾਗ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ। ਕੋਈ ਵੀ ਦੁਕਾਨਦਾਰ ਨਕਲੀ ਬੀਜ ਨਹੀਂ ਵੇਚ ਰਿਹਾ।
ਇਸ ਮਾਮਲੇ ਸਬੰਧੀ ਖੇਤੀਬਾੜੀ ਅਧਿਕਾਰੀ ਡਾ. ਸੁਖਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਅੱਜ ਬਰਨਾਲਾ ਵਿੱਚ 10 ਦੁਕਾਨਾਂ 'ਤੇ ਬੀਜ, ਖਾਦ ਅਤੇ ਕੀੜੇਮਾਰ ਦਵਾਈਆਂ ਦੀ ਚੈਕਿੰਗ ਕੀਤੀ ਗਈ ਹੈ। ਇਸ ਦੌਰਾਨ ਤਿੰਨ ਬੀਜ ਅਤੇ ਚਾਰ ਖਾਦ ਦੇ ਸੈਂਪਲ ਲਏ ਗਏ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਿਸੇ ਵੀ ਦੁਕਾਨ ਉੱਤੇ ਨਕਲੀ ਬੀਜ ਨਹੀਂ ਮਿਲਿਆ।