ਸ੍ਰੀ ਫਤਿਹਗੜ੍ਹ ਸਾਹਿਬ: ਅਵਾਰਾ ਪਸ਼ੂਆਂ ਕਾਰਨ ਆਏ ਦਿਨ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਸਰਕਾਰ ਦੀ ਲਾਪਰਵਾਹੀ ਕਾਰਨ ਆਵਾਰਾ ਪਸ਼ੂਆਂ ਕਾਰਨ ਲੋਕ ਆਪਣੀ ਜਾਨ ਗਵਾ ਰਹੇ ਹਨ। ਇਸੇ ਤਹਿਤ ਚੰਡੀਗੜ੍ਹ ਵਿੱਚ ਸਥਿਤ ਪਿੰਡ ਮਹੱਦੀਆ ਨੇੜੇ ਇੱਕ ਅਵਾਰਾ ਪਸ਼ੂ ਕਾਰਨ ਹੋਏ ਸੜਕ ਹਾਦਸੇ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦ ਕਿ ਇੱਕ ਨੌਜਵਾਨ ਜ਼ਖਮੀ ਹੋ ਗਿਆ। ਜ਼ਖਮੀ ਨੌਜਵਾਨ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।
ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਏ.ਐਸ.ਆਈ. ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਦੋ ਵਿਦਿਆਰਥੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਫਤਿਹਗੜ੍ਹ ਸਾਹਿਬ ਤੋਂ ਪਿੰਡ ਮਹੱਦੀਆ ਆਪਣੇ ਦੋਸਤ ਨੂੰ ਮਿਲਣ ਲਈ ਜਾ ਰਹੇ ਸਨ। ਪਿੰਡ ਮਹੱਦੀਆ ਦੇ ਕੋਲ ਉਨ੍ਹਾਂ ਦੇ ਮੋਟਰਸਾਈਕਲ ਦੇ ਅੱਗੇ ਇੱਕ ਅਵਾਰਾ ਪਸ਼ੂ ਆ ਗਿਆ ਜਿਸ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਦਰਖਤ ਨਾਲ ਜਾ ਟਕਰਾਇਆ। ਇਸ ਵਿੱਚ ਰਾਹੁਲ ਨਾਮ ਦੇ ਨੌਜਵਾਨ ਦੀ ਮੌਤ ਹੋ ਗਈ ਜਦਕਿ ਹਰਮਨ ਨਾਮ ਦਾ ਨੌਜਵਾਨ ਦੇ ਗੰਭੀਰ ਸੱਟਾਂ ਲਗੀਆਂ ਹਨ।