ਸ੍ਰੀ ਫਤਿਹਗੜ੍ਹ ਸਾਹਿਬ: ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਪਾਰਟੀ ਦੇ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਯਾਦ ਦਿਵਾਉਣ ਲਈ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਘਿਰਾਓ ਕਰਨ ਦੀਆਂ ਪਾਰਟੀਆਂ ਨੇ ਸਮੁੱਚੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਤੇ 1 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵੱਡੀ ਗਿਣਤੀ ’ਚ ਚੰਡੀਗੜ੍ਹ ਦੇ 25 ਸੈਕਟਰ ਤੋਂ ਇਕੱਠੇ ਹੋ ਕੇ ਵਿਧਾਨ ਸਭਾ ਵੱਲ ਕੂਚ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਦਾ ਇਹ ਅੰਤਿਮ ਬਜਟ ਸੈਸ਼ਨ ਹੈ, ਕਾਂਗਰਸ ਪਾਰਟੀ ਨੂੰ ਵੀ ਅੰਤਿਮ ਮੌਕਾ ਹੀ ਹੈ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਕਾਂਗਰਸ ਪਾਰਟੀ ਨੇ ਪੂਰਾ ਨਾ ਕੀਤਾ ਤਾਂ ਪੰਜਾਬ ਦੇ ਲੋਕ ਇਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ।
ਇਹ ਵੀ ਪੜੋ: ਸ਼੍ਰੀਹਰਿਕੋਟਾ ਤੋਂ ਪੀਐੱਸਐੱਲਵੀ-ਸੀ 51 ਸਫਲਤਾਪੂਰਵਕ ਲਾਂਚ, ਇਸਰੋ ਨੇ ਰਚਿਆ ਇਤਿਹਾਸ
ਚੰਦੂਮਾਜਰਾ ਨੇ ਕਿਹਾ ਕਿ ਡੀਜ਼ਲ ਅਤੇ ਪੈਟਰੋਲ ਦੀਆਂ ਵਧ ਰਹੀਆਂ ਕੀਮਤਾਂ ਲਈ ਜਿਥੇ ਕੇਂਦਰ ਸਰਕਾਰ ਜਿੰਮੇਵਾਰ ਹੈ ਉਥੇ ਹੀ ਪੰਜਾਬ ਸਰਕਾਰ ਪਹਿਲਕਦਮੀ ਕਰਕੇ ਐਕਸਾਈਜ਼ ਡਿਊਟੀ ਘਟਾ ਕੇ ਜਨਤਾ ਨੂੰ ਫੌਰੀ ਤੌਰ ਤੇ ਰਾਹਤਾਂ ਪ੍ਰਦਾਨ ਕਰੇ। ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਬੰਗਾਲ ਵਿੱਚ ਭਾਜਪਾ ਵੱਲੋਂ ਕੱਢੀ ਜਾ ਰਹੀ ਪਰਿਵਰਤਨ ਰੱਥ ਯਾਤਰਾ ’ਤੇ ਹੋਏ ਹਮਲਿਆਂ ਸਬੰਧੀ ਬੋਲਦਿਆਂ ਕਿਹਾ ਕਿ ਭਾਜਪਾ ਵੱਲੋਂ ਕੱਢੇ ਜਾਣ ਵਾਲੀਆਂ ਯਾਤਰਾਵਾਂ ਦਾ ਜਨਤਾ ਤੇ ਕੋਈ ਅਸਰ ਨਹੀਂ ਪਵੇਗਾ, ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਨੂੰ ਬੰਗਾਲ ਦੇ ਲੋਕ ਆਪਣੀ ਧੀ ਭੈਣ ਸਮਝਦੇ ਹਨ ਉਨ੍ਹਾਂ ਕਿਹਾ ਕਿ ਮਮਤਾ ਬੈਨਰਜੀ ਦੀ ਬੰਗਾਲ ਵਿਚ ਆਪਣੀ ਅਪਣੱਤ ਹੀ ਉਸ ਦਾ ਰਾਜ ਸ਼ਾਸਨ ਬਣਾਏਗੀ।