ਫ਼ਰੀਦਕੋਟ: ਬਾਰ੍ਹਵੀਂ ਸਦੀ ਦੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਦੇ ਫ਼ਰੀਦਕੋਟ ਵਿਖੇ ਆਗਮਨ ਦੇ ਸਬੰਧ ਵਿਚ ਹਰ ਸਾਲ ਮਨਾਏ ਜਾਂਦੇ ਸ਼ੇਖ ਫ਼ਰੀਦ ਆਗਮਨ ਪੁਰਬ ਜੋ 19 ਤੋਂ 23 ਸਤੰਬਰ ਤੱਕ ਮਨਾਇਆ ਜਾਂਦਾ ਹੈ ਉਸ ਦੀਆਂ ਇਸ ਵਾਰ ਰੌਣਕਾਂ ਵੇਖਣ ਨੂੰ ਨਹੀਂ ਮਿਲਣਗੀਆਂ।
ਕੋਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਦੇ ਚਲਦੇ ਬਾਬਾ ਫਰੀਦ ਸੰਸਥਾਵਾਂ ਦੇ ਪ੍ਰਬੰਧਕਾਂ ਵਲੋਂ ਇਸ ਮੇਲੇ ਵਿਚ ਕਰਵਾਏ ਜਾਂਦੇ ਧਾਰਮਿਕ ਸਮਾਗਮਾਂ ਵਿਚ ਕਟੌਤੀ ਕਰ ਦਿੱਤੀ ਗਈ ਹੈ ਅਤੇ ਜੋ ਸਮਾਗਮ ਹੋਣਗੇ ਉਨ੍ਹਾਂ ਵਿਚ ਆਮ ਲੋਕਾਂ ਦੀ ਸ਼ਮੂਲੀਅਤ ਵਰਜਿਤ ਕਰ ਦਿੱਤੀ ਗਈ ਹੈ। ਚੋਣਵੇਂ ਲੋਕ ਹੀ ਸਮਾਜਿਕ ਦੂਰੀ ਅਤੇ ਮਾਸਕ ਪਾ ਕੇ ਹੀ ਇਨ੍ਹਾਂ ਸਮਾਗਮਾਂ ਵਿਚ ਸ਼ਾਮਲ ਹੋ ਸਕਣਗੇ।
ਬਾਬਾ ਫਰੀਦ ਸੰਸਥਾਵਾਂ ਦੇ ਪ੍ਰਮੁੱਖ ਇੰਦਰਜੀਤ ਸਿੰਘ ਖਾਲਸਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਰ 21 ਸਤੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕੀਤੇ ਜਾਣਗੇ ਅਤੇ 23 ਸਤੰਬਰ ਨੂੰ ਭੋਗ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ ਬੇਸ਼ੱਕ ਗੁਰਦੁਆਰਾ ਗੋਦੜੀ ਸਾਹਿਬ ਅਤੇ ਟਿੱਲਾ ਬਾਬਾ ਫਰੀਦ ਜੀ ਵਿਖੇ ਬਣੇ ਹਾਲ ਦੀ ਸਮਰੱਥਾ 1500 ਵਿਅਕਤੀਆਂ ਦੇ ਬੈਠਣ ਦੀ ਹੈ ਪਰ ਕੋਰੋਨਾ ਵਾਇਰਸ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਰਫ 50-50 ਲੋਕਾਂ ਨੂੰ ਹੀ ਹਾਲ ਅੰਦਰ ਬਿਠਾਇਆ ਜਾਵੇਗਾ ਅਤੇ ਆਪਸੀ ਦੂਰੀ ਅਤੇ ਮਾਸਕ ਦਾ ਖਾਸ ਧਿਆਨ ਰੱਖਿਆ ਜਾਵੇਗਾ।
ਉਨ੍ਹਾਂ ਇਲਾਕੇ ਦੀ ਸੰਗਤ ਨੂੰ ਅਪੀਲ ਕੀਤੀ ਕਿ ਜੋ ਸ਼ੇਖ ਫਰੀਦ ਆਗਮਨ ਪੁਰਬ ਮੌਕੇ ਸੇਵਾ ਕਰਦੇ ਹਨ ਉਹ ਆਪੋ ਆਪਣੇ ਪਿੰਡਾਂ ਮੁਹੱਲਿਆਂ ਦੇ ਗੁਰਦੁਆਰਾ ਸਾਹਿਬ ਅੰਦਰ 21 ਸਤੰਬਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਆਰੰਭ ਕਰਵਾਉਣ ਅਤੇ 23 ਸਤੰਬਰ ਨੂੰ ਭੋਗ ਪਾਏ ਜਾਣ ਤਾਂ ਜੋ ਬਾਬਾ ਫਰੀਦ ਜੀ ਨੂੰ ਆਪੋ ਆਪਣੇ ਘਰਾਂ ਅੰਦਰ ਸੁਰੱਖਿਅਤ ਰਹਿ ਕੇ ਸਿਜਦਾ ਕੀਤਾ ਜਾ ਸਕੇ।