ਫਰੀਦਕੋਟ: ਫਰੀਦਕੋਟ ਪੁਲਿਸ ਨੇ ਬੀਤੇ ਦਿਨੀਂ ਪਿੰਡ ਦੀਪ ਸਿੰਘ ਵਾਲਾ ’ਚ ਹੋਏ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਐੱਸਪੀ ਸਿੰਗਲਾ ਨੇ ਕਿਹਾ ਕਿ 17 ਅਪ੍ਰੈਲ ਨੂੰ ਪਿੰਡ ਦੀਪ ਸਿੰਘ ਵਾਲਾ ’ਚ ਕਿਸਾਨ ਹਰਪਾਲ ਸਿੰਘ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦਾ ਕਾਤਲ ਸਿਰ ਕੱਟ ਕੇ ਲੈ ਗਏ ਸਨ। ਉਹਨਾਂ ਕਿਹਾ ਕਿ ਪਰਿਵਾਰ ਨੇ ਸ਼ੱਕ ਪ੍ਰਗਟਾਇਆ ਸੀ ਕਿ ਕਿਸੇ ਅਣਪਛਾਤੇ ਕਾਤਲਾਂ ਨੇ ਹਰਪਾਲ ਸਿੰਘ ਦਾ ਕਤਲ ਕਰ ਦਿੱਤਾ ਹੈ ਅਤੇ ਸਿਰ ਵੱਢ ਕੇ ਨਾਲ ਲੈ ਗਏ ਹਨ।
ਇਹ ਵੀ ਪੜੋ: ਸਰਦੂਲਗੜ੍ਹ ਮੰਡੀ 'ਚ ਬਾਰਦਾਨੇ ਦੀ ਘਾਟ, ਕਿਸਾਨ ਪ੍ਰੇਸ਼ਾਨ
ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਤਾਂ ਤਫਤੀਸ ਵਿੱਚ ਸਾਹਮਣੇ ਆਇਆ ਕਿ ਮ੍ਰਿਤਕ ਹਰਪਾਲ ਸਿੰਘ ਦਾ ਲੜਕਾ ਨਸ਼ੇ ਦਾ ਆਦੀ ਸੀ ਅਤੇ ਨਸ਼ਾ ਕਰਨ ਲਈ ਉਹ ਅਕਸਰ ਆਪਣੇ ਪਿਤਾ ਤੋਂ ਪੈਸੇ ਮੰਗਦਾ ਸੀ ਜਿਸ ਕਰ ਕੇ ਘਰ ਵਿੱਚ ਕਲੇਸ਼ ਰਹਿੰਦਾ ਸੀ। ਉਹਨਾਂ ਦੱਸਿਆ ਕਿ ਤਫਤੀਸ ਦੌਰਾਨ ਮ੍ਰਿਤਕ ਹਰਪਾਲ ਸਿੰਘ ਦਾ ਕੱਟਿਆ ਹੋਇਆ ਸਿਰ ਉਸ ਦੇ ਘਰ ਦੇ ਵੇਹੜੇ ਵਿੱਚ ਦੱਬਿਆ ਹੋਇਆ ਮਿਲਿਆ।
ਉਹਨਾਂ ਦੱਸਿਆ ਕਿ ਕਤਲ ਦੀ ਇਸ ਵਾਰਦਾਤ ਨੂੰ ਮ੍ਰਿਤਕ ਦੇ ਲੜਕੇ ਨੇ ਆਪਣੇ ਕਾਮੇਂ ਅਤੇ ਇੱਕ ਹੋਰ ਦੋਸਤ ਨਾਲ ਮਿਲ ਕੇ ਹਰਪਾਲ ਸਿੰਘ ਨੂੰ ਪਹਿਲਾਂ ਕਿਸੇ ਨਸ਼ੀਲੀ ਜਾਂ ਜਹਿਰੀਲੀ ਦਵਾਈ ਦਾ ਟੀਕਾ ਲਗਾਇਆ ਅਤੇ ਬਾਅਦ ਵਿੱਚ ਘਰ ਦੀ ਛੱਤ ਤੇ ਲਿਜਾ ਕੇ ਉਸ ਦੇ ਗਲੇ ਵਿੱਚ ਰੱਸਾ ਪਾ ਕੇ ਹੇਠਾਂ ਲਟਕਾ ਦਿੱਤਾ। ਉਹਨਾਂ ਦੱਸਿਆ ਕਿ ਕਾਲਤ ਇਸ ਨੂੰ ਖ਼ੁਦਕੁਸ਼ੀ ਦਾ ਮਾਮਲਾ ਬਣਾਉਣਾ ਚਾਹੁੰਦੇ ਸਨ ਪਰ ਹਰਪਾਲ ਸਿੰਘ ਦਾ ਵਜ਼ਨ ਜਿਆਦਾ ਹੋਣ ਕਾਰਨ ਸਿਰ ਧੜ ਤੋਂ ਵੱਖ ਹੋ ਗਿਆ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਮ੍ਰਿਤਕ ਦੇ ਲੜਕੇ ਸਮੇਤ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਤਫਤੀਸ਼ ਜਾਰੀ ਹੈ।