ਫਰੀਦਕੋਟ : ਬਹਿਬਲਕਲਾਂ ਇਨਸਾਫ ਮੋਰਚੇ ਦੇ ਆਗੂਆਂ ਵੱਲੋਂ ਮੁੜ ਤੋਂ ਪੰਜਾਬ ਸਰਕਾਰ ਖਿਲਾਫ ਝੰਡਾ ਬੁਲੰਦ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਫਰੀਦਕੋਟ ਵਿਚ ਵਿਸ਼ੇਸ ਪ੍ਰੈੱਸ ਕਾਨਫਰੰਸ ਕਰਦਿਆਂ ਬਹਿਬਲ ਕਲਾਂ ਇਨਸਾਫ ਮੋਰਚੇ ਦੇ ਆਗੂ ਅਤੇ ਬਹਿਬਕਲਾਂ ਗੋਲੀਕਾਂਡ ਵਿਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਲੜਕੇ ਸੁਖਰਾਜ ਸਿੰਘ ਨਿਆਮੀਂ ਵਾਲਾ ਵਲੋਂ ਅਗਲੀ ਰਣਨੀਤੀ ਦੱਸੀ ਗਈ ਹੈ।
ਪੰਜਾਬ ਸਰਕਾਰ ਵਲੋਂ ਕੀਤੀ ਵਾਅਦਾ ਖਿਲਾਫੀ : ਇਸ ਮੌਕੇ ਸੰਬੋਧਨ ਕਰਦਿਆਂ ਸੁਖਰਾਜ ਸਿੰਘ ਨਿਆਮੀਆਲਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਾਅਦਾ ਖਿਲਾਫੀ ਕੀਤੀ ਗਈ ਹੈ ਅਤੇ ਸਰਕਾਰ ਵਲੋਂ ਕਰੀਬ 2 ਮਹੀਨੇ ਪਹਿਲਾਂ ਸ਼ੁਕਰਾਨਾਂ ਸਮਾਗਮ ਵਿਚ ਬੋਲਦਿਆਂ ਪੰਜਾਬ ਸਰਕਾਰ ਦੇ ਨੁਮਾਇੰਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਹ ਦਾਅਵਾ ਕੀਤਾ ਸੀ ਕਿ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦਾ ਚਲਾਨ ਵਿਸ਼ੇਸ ਜਾਚ ਟੀਮ ਵੱਲੋਂ ਅਗਲੇ 3 ਚਾਰ ਦਿਨਾਂ ਵਿਚ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪਰ ਕਰੀਬ 2 ਮਹੀਨੇ ਤੋਂ ਉਪਰ ਦਾ ਸਮਾਂ ਲੰਘਣ ਤੋਂ ਬਾਅਦ ਵੀ ਹਾਲੇ ਤੱਕ ਸਰਕਾਰ ਵਲੋਂ ਇਸ ਮਾਮਲੇ ਵਿੱਚ ਚਲਾਨ ਪੇਸ਼ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਜਲੰਧਰ ਜਿਮਨੀ ਚੋਣ 'ਚ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਐਂਟਰੀ, 5 ਮਈ ਤੋਂ 'ਆਪ' ਖਿਲਾਫ ਕਰਨਗੇ ਰੈਲੀ
ਇਸ ਮੌਕੇ ਉਹਨਾ ਕਿਹਾ ਕਿ ਸਰਕਾਰ ਆਪਣੇ ਇਨਸਾਫ ਦੇਣ ਦੇ ਵਾਅਦੇ ਤੋਂ ਭੱਜੀ ਹੈ। ਇਸ ਲਈ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੁੱਖ ਮਕਸਦ ਇਹੀ ਹੈ ਕਿ ਅਸੀਂ ਸਰਕਾਰ ਨੂੰ ਦੱਸਣਾਂ ਚਹੁੰਦੇ ਹਾਂ ਕਿ ਬਹਿਬਲ ਕਲਾਂ ਇਨਸਾਫ ਮੋਰਚਾ ਨਾਂ ਤਾਂ ਸਮਾਪਤ ਹੋਇਆ ਅਤੇ ਨਾਂ ਹੀ ਅਸੀਂ ਸੰਘਰਸ਼ ਨੂੰ ਖਤਮ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਸਰਕਾਰ ਦੇ ਵਾਅਦੇ ਦੀ ਉਡੀਕ ਕਰ ਰਹੇ ਸੀ ਪਰ ਹੁਣ ਸਾਡਾ ਸਬਰ ਟੁੱਟ ਚੁੱਕਿਆ ਅਤੇ ਜੇਕਰ ਹਾਲੇ ਵੀ ਸਰਕਾਰ ਨੇ ਜਲਦ ਤੋਂ ਜਲਦ ਇਸ ਮਾਮਲੇ ਦਾ ਚਲਾਨ ਪੇਸ਼ ਨਾਂ ਕਰਵਾਇਆ ਤਾਂ ਬਹਿਬਲਕਲਾਂ ਇਨਸਾਫ ਮੋਰਚੇ ਵੱਲੋਂ ਵੱਡੇ ਸੰਘਰਸ਼ ਵੱਢੇ ਜਾਣਗੇ ਅਤੇ ਜਦ ਤੱਕ ਦੋਸੀਆਂ ਨੂੰ ਸਜਾਵਾਂ ਨਹੀਂ ਮਿਲ ਜਾਂਦੀਆਂ ਉਹ ਟਿਕ ਨਹੀਂ ਬੈਠਣਗੇ। ਇਹ ਵੀ ਯਾਦ ਰਹੇ ਕਿ ਬਹਿਬਲ ਕਲਾਂ ਇਨਸਾਫ ਮੋਰਚੇ ਵਿੱਚ ਪੰਜਾਬ ਸਰਕਾਰ ਤੋਂ ਇਲਾਵਾ ਵਿਰੋਧੀ ਧਿਰਾਂ ਦੇ ਆਗੂ ਵੀ ਸ਼ਾਮਿਲ ਹੋ ਚੁੱਕੇ ਹਨ। ਦੂਜੇ ਪਾਸੇ ਸਰਕਾਰ ਵਲੋਂ ਵੀ ਬਿਨਾਂ ਦੇਰੀ ਇਸ ਮਾਮਲੇ ਵਿੱਚ ਇਨਸਾਫ ਦੇਣ ਦਾ ਦਾਅਵਾ ਕੀਤਾ ਜਾ ਚੁੱਕਾ ਹੈ।