ਫਰੀਦਕੋਟ: ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦਾ ਨਾਮ ਸੁਣਦੇ ਹੀ ਸਾਲ 2015 ਦੇ ਅਕਤੂਬਰ 14 ਦੀ ਉਹ ਸਵੇਰ ਦਾ ਪੂਰਾ ਮੰਜਰ ਅੱਖਾਂ ਅੱਗੇ ਘੁੰਮ ਜਾਂਦਾ ਹੈ ਜਦੋਂ ਪਹਿਲਾਂ ਕੋਟਕਪੂਰਾ ਦੇ ਬੱਤੀਆਂ ਵਾਲਾ ਚੌਂਕ ਵਿੱਚ ਅਤੇ ਫਿਰ ਬਹਿਬਲ ਕਲਾਂ ਨੈਸ਼ਨਲ ਹਾਈਵੇ 54 ਉੱਤੇ ਬੇਅਦਬੀ ਖ਼ਿਲਾਫ਼ ਧਰਨਾ ਦੇ ਰਹੀ ਸਿੱਖ ਸੰਗਤ ਉੱਤੇ ਸਰਕਾਰੀ ਤਸ਼ੱਦਦ ਤਹਿਤ ਗੋਲੀ ਚਲਾਈ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਪੀੜਤ ਪਰਿਵਾਰਾਂ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਰ ਕਈ ਕਮਿਸ਼ਨ ਅਤੇ ਵਿਸ਼ੇਸ਼ ਜਾਂਚ ਟੀਮਾਂ ਬਣਨ ਦੇ ਬਾਵਜੂਦ ਇਹਨਾਂ ਮਾਮਲਿਆ ਵਿੱਚ ਹਾਲੇ ਤੱਕ ਕੋਈ ਵੀ ਤਸੱਲੀਬਖ਼ਸ਼ ਕਾਰਵਾਈ ਸਾਹਮਣੇ ਨਹੀਂ ਆਈ। ਪੀੜਤ ਪਰਿਵਾਰ ਅਤੇ ਇਹਨਾਂ ਮਾਮਲਿਆ ਦੇ ਗਵਾਹ ਅੱਜ ਤੱਕ ਇਨਸਾਫ ਦੀ ਉਡੀਕ ਵਿੱਚ ਸਰਕਾਰਾਂ ਖਿਲਾਫ ਸਿਵਾਏ ਰੋਸ ਪ੍ਰਕਟ ਕਰਨ ਦੇ ਕੁੱਝ ਵੀ ਕਰਨ ਤੋਂ ਅਸਮਰੱਥ ਜਾਪ ਰਹੇ ਨੇ।
ਵਿਸ਼ੇਸ਼ ਜਾਂਚ ਟੀਮਾਂ ਦੀ ਕਾਰਗੁਜਾਰੀ ਉੱਤੇ ਸਵਾਲ: ਜੇਕਰ ਗੱਲ ਕਰੀਏ ਬਹਿਬਲਕਲਾਂ ਗੋਲੀਕਾਂਡ ਮਾਮਲੇ ਦੀ ਤਾਂ ਇਸ ਮਾਮਲੇ ਨਾਲ ਸੰਬੰਧਿਤ ਕਰੀਬ 7 ਅਹਿਮ ਗਵਾਹਾਂ ਵੱਲੋਂ ਫਰੀਦਕੋਟ ਅਦਾਲਤ ਵਿੱਚ ਇੱਕ ਅਰਜੀ ਦਾਖਲ ਕਰਕੇ ਆਪਣੇ ਬਿਆਨ ਮੁੜ ਤੋਂ ਕਲਮਬੱਧ ਕੀਤੇ ਜਾਣ ਦੀ ਜਿੱਥੇ ਮੰਗ ਕੀਤੀ ਗਈ ਹੈ, ਉੱਥੇ ਹੀ ਉਹਨਾਂ ਇਸ ਮਾਮਲੇ ਦੀ ਜਾਂਚ ਕਰ ਚੁੱਕੀ ਅਤੇ ਕਰ ਰਹੀ ਦੋਹਾਂ ਵਿਸ਼ੇਸ਼ ਜਾਂਚ ਟੀਮਾਂ ਦੀ ਕਾਰਗੁਜਾਰੀ ਉੱਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਇੱਕ ਜਾਂਚ ਟੀਮ ਨੇ ਉਹਨਾਂ ਦੇ ਬਿਆਨ ਆਪਣੇ ਮੁਤਾਬਿਕ ਲਿਖੇ ਅਤੇ ਦੂਜੀ ਜਾਂਚ ਟੀਮ ਨੇ ਉਹਨਾਂ ਦੇ ਬਿਆਨ ਦਰਜ ਹੀ ਨਹੀਂ ਕੀਤੇ। ਇਸ ਅਰਜੀ ਉੱਤੇ ਸੁਣਵਾਈ 21 ਜੁਲਾਈ ਨੂੰ ਹੋਣੀ ਹੈ ਅਤੇ ਅਦਾਲਤ ਇਸ ਉੱਤੇ ਕੀ ਫੈਸਲਾ ਦਿੰਦੀ ਹੈ ਇਹ ਸਮਾਂ ਹੀ ਤੈਅ ਕਰੇਗਾ।
ਬਿਆਨਾਂ ਨਾਲ ਛੇੜਛਾੜ: ਉੱਧਰ ਇਸ ਪੂਰੇ ਮਾਮਲੇ ਬਾਰੇ ਬਹਿਬਲ ਕਲਾਂ ਵਿਖੇ ਵਾਪਰੇ ਗੋਲੀਕਾਂਡ ਵਿੱਚ ਆਪਣੇ ਪਿਤਾ ਕ੍ਰਿਸ਼ਨ ਭਗਵਾਨ ਸਿੰਘ ਦੀ ਜਾਨ ਗਵਾਉਣ ਵਾਲੇ ਸੁਖਰਾਜ ਸਿੰਘ ਨੇ ਕਈ ਖੁਲਾਸੇ ਕੀਤੇ ਹਨ। ਸੁਖਰਾਜ ਸਿੰਘ ਨੇ ਦੱਸਿਆ ਕਿ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਆਈਜੀ ਕੁੰਵਰ ਵਿਜੇ ਪ੍ਰਤਾਪ ਦੀ ਅਗਵਾਈ ਵਾਲੀ ਜਾਂਚ ਟੀਮ ਨੇ ਮਾਮਲੇ ਵਿੱਚ ਗਵਾਹਾਂ ਦੇ ਜੋ ਬਿਆਨ ਦਰਜ ਕੀਤੇ ਸਨ ਉਹਨਾਂ ਵਿੱਚ ਕੁਝ ਬਿਆਨਾਂ ਨਾਲ ਕਥਿਤ ਛੇੜ ਛਾੜ ਹੋਈ ਹੈ ਅਤੇ ਉਹ ਬਿਆਨ ਐੱਸਆਈਟੀ ਵੱਲੋਂ ਸਰਕਾਰੀ ਗਵਾਹ ਬਣਾਏ ਗਏ ਇੰਸਪੈਕਟਰ ਪ੍ਰਦੀਪ ਸਿੰਘ ਨੂੰ ਸੱਚਾ ਸਾਬਤ ਕਰਨ ਲਈ ਦਰਜ ਕੀਤੇ ਗਏ ਹਨ। ਉਹਨਾਂ ਇਸ ਸੰਬੰਧੀ ਇੰਸਪੈਕਟਰ ਪ੍ਰਦੀਪ ਸਿੰਘ ਦੇ ਕਿ ਨਜਦੀਕੀ ਸਾਥੀ ਦੀ ਫੋਨ ਕਾਲ ਰਿਕਾਰਡਿੰਗ ਵੀ ਜਾਰੀ ਕੀਤੀ, ਜਿਸ ਵਿੱਚ ਉਹ ਖੁਦ ਨੂੰ ਗਵਾਹ ਦੱਸ ਰਿਹਾ ਅਤੇ ਇਹ ਵੀ ਦੱਸ ਰਿਹਾ ਕਿ ਉਹ ਇੰਸਪੈਕਟਰ ਪ੍ਰਦੀਪ ਦਾ ਨਜ਼ਦੀਕੀ ਹੈ ਅਤੇ ਉਸ ਦੇ ਮੁਤਾਬਿਕ ਹੀ ਬਿਆਨ ਦਿੱਤੇ ਹਨ।
ਇਨਸਾਫ ਨਹੀਂ ਸਿਆਸਤ ਮਿਲੀ: ਸੁਖਰਾਜ ਸਿੰਘ ਨੇ ਇਸ ਮਾਮਲੇ ਬਾਰੇ ਬੋਲਦਿਆ ਕਿਹਾ ਕਿ ਕੋਈ ਇਹਨਾਂ ਮਾਮਲਿਆ ਦੇ ਸਹਾਰੇ ਐਮਐਲਏ ਬਣ ਗਿਆ, ਕਿਸੇ ਨੇ ਸਰਕਾਰ ਬਣਾ ਲਈ ਅਤੇ ਕੋਈ ਸਿਆਸਤ ਕਰ ਰਿਹਾ ਪਰ ਕਿਸੇ ਨੇ ਵੀ ਇਨਸਾਫ ਨਹੀਂ ਦਿੱਤਾ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਆਈਜੀ ਕੁੰਵਰ ਵਿਜੇ ਪ੍ਰਤਾਪ ਨੇ ਤਾਂਹੀਂ ਸਟੇਜ ਤੋਂ ਕਿਹਾ ਸੀ ਕਿ ਕੋਈ ਸਰਕਾਰ ਇਨਸਾਫ ਨਹੀਂ ਦੇ ਸਕਦੀ ਕਿਉਕਿ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਨੇ ਬਿਆਨ ਹੀ ਇਸ ਢੰਗ ਨਾਲ ਦਰਜ ਕੀਤੇ ਹਨ ਕਿ ਇਨਸਾਫ ਨਾ ਮਿਲੇ।