ਫ਼ਰੀਦਕੋਟ: ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਖਹਿਰਾ ਦਾ ਪੱਤਰਕਾਰਾਂ ਨਾਲ ਬਦਤਮੀਜ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖਹਿਰਾ ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲ ਦਾ ਜਵਾਬ ਦੇਣ ਦੀ ਥਾਂ 'ਤੇ ਭੜਕ ਗਏ ਤੇ ਚਿਤਾਵਨੀ ਦਿੰਦੇ ਹੋਏ ਪੱਤਰਕਾਰ ਨੂੰ ਕਿਹਾ ਕਿ ਆਪਣੇ ਸਵਾਲ ਸੋਚ ਸਮਝ ਕੇ ਕਰੋ। ਜਿਸ ਤੋਂ ਬਾਅਦ ਪੱਤਰਕਾਰਾਂ ਨੇ ਫ਼ਰੀਦਕੋਟ 'ਚ ਪੰਜਾਬ ਏਕਤਾ ਪਾਰਟੀ ਦਾ ਬਾਇਕਾਟ ਕਰ ਕੋਈ ਵੀ ਖ਼ਬਰ ਨਾ ਕਰਨ ਦਾ ਫੈਸਲਾ ਲਿਆ ਗਿਆ।
ਦਸੱਣਯੋਗ ਹੈ ਕਿ ਪਿਛਲੇ ਦਿਨੀ ਪੁਲਿਸ ਹਿਰਾਸਤ ਵਿੱਚ ਹੋਈ ਨੋਜਵਾਨ ਦੀ ਮੌਤ ਨੂੰ ਲੈ ਕੇ ਪਰਿਵਾਰ ਐੱਸਐੱਸਪੀ ਦਫਤਰ ਦੇ ਬਾਹਰ ਧਰਨਾ ਲਗਾ ਕੇ ਇਨਸਾਫ਼ ਦੀ ਮੰਗ ਕਰ ਰਿਹਾ ਸੀ। ਇਸ ਮੌਕੇ ਧਰਨੇ 'ਚ ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਖਹਿਰਾ ਸ਼ਾਮਿਲ ਹੋਏ 'ਤੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਖਹਿਰਾ ਨੇ ਇਸ ਘਟਨਾ ਦੀ 1984 ਦੇ ਕਾਲੇ ਦੌਰ ਨਾਲ ਤੁਲਨਾ ਕੀਤੀ, ਪਰ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਸ ਸਮੇਂ ਉਹ ਵੀ ਕਾਂਗਰਸ 'ਚ ਸਨ ਤਾਂ ਉਹ ਭੜਕ ਗਏ ਤੇ ਕਹਿਣ ਲੱਗੇ, "ਤੁਹਾਨੂੰ ਕੀ ਇਤਰਾਜ਼ ਹੈ ਜੇ ਮੈ ਕਾਂਗਰਸ ਵਿੱਚ ਸੀ, ਮੈ ਇਨਸਾਨੀਅਤ ਦੀ ਲੜਾਈ ਅੱਜ ਤੋਂ ਨਹੀ ਕਈ ਦਹਾਕਿਆਂ ਤੋਂ ਲੜ ਰਿਹਾ ਹਾਂ। ਇਸਦੇ ਨਾਲ ਹੀ ਉਨ੍ਹਾਂ ਚਿਤਾਵਨੀ ਦਿੰਦੇ ਹੋਏ ਪੱਤਰਕਾਰ ਨੂੰ ਕਿਹਾ ਕਿ ਆਪਣੇ ਸਵਾਲ ਸੋਚ ਸਮਝ ਕੇ ਕਰੋ।"
ਸਵਾਲਾਂ ਤੋਂ ਬੌਖ਼ਲਾਏ ਖਹਿਰਾ ਨੇ ਜਵਾਬ ਦੇਣ ਦੀ ਬਜਾਏ ਪੱਤਰਕਾਰਾਂ ਨਾਲ ਉਲਝਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਵੱਲੋਂ ਮੀਡੀਆ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ, ਜਿਸ ਮਗਰੋਂ ਪੱਤਰਕਾਰਾਂ ਵੱਲੋਂ ਵੀ ਖਹਿਰਾ ਵਿਰੁੱਧ ਨਾਅਰੇਬਾਜੀ ਕੀਤੀ ਗਈ। ਮੀਡੀਆ ਕਰਮੀਆਂ ਵਲੋਂ ਫ਼ਰੀਦਕੋਟ ਵਿੱਚ ਪੰਜਾਬ ਏਕਤਾ ਪਾਰਟੀ ਦਾ ਬਾਇਕਾਟ ਕਰ ਕੋਈ ਵੀ ਖ਼ਬਰ ਨਾ ਕਰਨ ਦਾ ਫੈਸਲਾ ਲਿਆ ਗਿਆ।