ਫਰੀਦਕੋਟ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 14 ਅਕਤੂਬਰ 2015 ਨੂੰ ਵਾਪਰੇ ਕੋਟਕਪੂਰਾ ਗੋਲੀਕਾਂਡ ਵਿੱਚ ਨਾਮਜ਼ਦ ਹੋਣ ਤੋ ਬਾਅਦ ਪੇਸ਼ੀ ਭੁਗਤਣ ਲਈ ਜ਼ਿਲ੍ਹਾ ਅਦਾਲਤ ਵਿੱਚ ਪਹੁੰਚੇ।ਸੁਖਬੀਰ ਬਾਦਲ ਦੀ ਪੇਸ਼ੀ ਤੋਂ ਪਹਿਲਾਂ ਉਨ੍ਹਾਂ ਦੇ ਸਮਰਥਕ ਵੱਡੀ ਗਿਣਤੀ ਵਿੱਚ ਕੋਰਟ ਦੇ ਬਾਹਰ ਮੌਜੂਦ ਸਨ। ਦੱਸਿਆ ਜਾ ਰਿਹਾ ਕਿ ਪੇਸ਼ੀ ਲਈ ਸੁਖਬੀਰ ਬਾਦਲ ਤਕਰੀਬਨ 12 ਵਜੇ ਕੋਰਟ ਵਿੱਚ ਪੇਸ਼ ਹੋਏ ਅਤੇ ਮਹਿਜ਼ 4 ਮਿੰਟਾਂ ਦੇ ਅੰਦਰ ਅਦਾਲਤ ਵਿੱਚੋਂ ਬਾਹਰ ਵੀ ਨਿਕਲ ਆਏ। ਇਸ ਤੋਂ ਬਾਅਦ ਉਨ੍ਹਾਂ ਨੇ ਕੋਰਟ ਦੇ ਬਾਹਬਰ ਮੌਜੂਦ ਆਪਣੇ ਸਮਰਥਕਾਂ ਨਾਲ ਮੁਲਾਕਾਤ ਕੀਤੀ ।
ਮੁਲਜ਼ਮਾਂ ਦੇ ਪੇਸ਼ ਹੋਏ ਵਕੀਲ: ਕੋਟਕਪੂਰਾ ਗੋਲੀਕਾਂਡ ਨਾਲ ਸਬੰਧਿਤ ਮੁਕੱਦਮਾਂ ਨੰਬਰ 192/2015 ਵਿੱਚ ਨਾਮਜ਼ਦ ਥਾਣਾਂ ਸਿਟੀ ਕੋਟਕਪੂਰਾ ਦੇ ਤਤਕਾਲੀ SHO ਗੁਰਦੀਪ ਸਿੰਘ ਪੰਧੇਰ ਵੀ ਹੋਏ ਫਰੀਦਕੋਟ ਅਦਾਲਤ ਵਿੱਚ ਪੇਸ਼ ਹੋਏ। ਜਦੋਂ ਕਿ ਇਸ ਮਾਮਲੇ ਵਿੱਚ ਬਾਕੀ ਨਾਮਜ਼ਦ ਮੁਲਜ਼ਮਾਂ ਦੇ ਸਿਰਫ ਵਕੀਲ ਹੀ ਹੋਏ ਫਰੀਦਕੋਟ ਅਦਾਲਤ ਵਿਚ ਪੇਸ਼। ਇਹ ਵੀ ਦੱਸ ਦਈਏ ਕਿ ਸਿਹਤ ਖਰਾਬ ਹੋਣ ਦੇ ਚੱਲਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਅਦਾਲਤ ਕੋਲ ਪੇਸ਼ ਨਹੀਂ ਹੋਏ। ਫਰੀਦਕੋਟ ਅਦਾਲਤ ਵੱਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ 25 ਅਪ੍ਰੈਲ ਨੂੰ ਰੱਖੀ ਗਈ।
31 ਰੁਪਏ ਤੱਕ ਦੀ ਕਟੌਤੀ ਗੈਰ-ਕਾਨੂੰਨੀ: ਅਦਾਲਤ 'ਚ ਪੇਸ਼ੀ ਤੋਂ ਬਾਅਦ ਬਾਹਰ ਆਏ ਸੁਖਬੀਰ ਬਾਦਲ ਨੇ ਕੇਂਦਰ ਸਰਕਾਰ ਵੱਲੋਂ ਖਰਾਬ ਕਣਕ ਦੀ ਖਰੀਦ 'ਤੇ 31 ਰੁਪਏ ਤੱਕ ਦੀ ਕਟੌਤੀ ਨੂੰ ਗੈਰ-ਕਾਨੂੰਨੀ ਦੱਸਿਆ। ਉਨ੍ਹਾਂ ਵੈਲਿਊ ਕਟੌਤੀ ਦੇ ਨਾਂ ’ਤੇ ਜਾਰੀ ਕੀਤੇ ਇਸ ਹੁਕਮ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਸੁਖਬੀਰ ਬਾਦਲ ਨੇ ਪੀਐੱਮ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਇਸ ਹੁਕਮ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਾਕਾਮਯਾਬੀ ਦਾ ਨਤੀਜਾ ਕਰਾਰ ਦਿੱਤਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਨੂੰ ਕਾਨੂੰਨ ਵਿਵਸਥਾ 'ਚ ਨਾਕਾਮ ਦੱਸਿਆ।
ਦੱਸ ਦਈਏ ਇਸ ਤੋਂ ਪਹਿਲਾਂ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਵੱਲੋਂ ਫ਼ਰੀਦਕੋਟ ਦੀ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ ਸੀ। ਇਸ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਇਨ੍ਹਾਂ ਤੋਂ ਇਲਾਵਾ ਸੁਮੇਧ ਸਿੰਘ ਸੈਣੀ, ਪਰਮਰਾਜ ਉਮਰਾਨੰਗਲ, ਚਰਨਜੀਤ ਸਿੰਘ ਸ਼ਰਮਾ, ਗੁਰਦੀਪ ਸਿੰਘ ਪੰਧੇਰ, ਅਮਰ ਸਿੰਘ ਚਾਹਲ, ਸੁਖਮੰਦਰ ਸਿੰਘ ਮਾਨ ਨੂੰ ਨਾਮਜ਼ਦ ਕੀਤਾ ਗਿਆ ਸੀ। ਸੁਮੇਧ ਸੈਣੀ 129 FRI 'ਚ ਹਾਈਕੋਰਟ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ, ਫ਼ਰੀਦਕੋਟ ਦੀ ਅਦਾਲਤ ਵਿੱਚ ਪੇਸ਼ ਹੋਏ ਸਨ।