ਫ਼ਰੀਦਕੋਟ: ਸ਼ਨੀਵਾਰ ਨੂੰ ਲਦਾਖ਼ ਵਿੱਚ ਵਾਪਰੇ ਦਰਦਨਾਕ ਹਾਦਸੇ ਵਿੱਚ ਇੱਕ ਫੌਜ ਦੀ ਗੱਡੀ ਡੂੰਗੀ ਖੱਡ ਵਿੱਚ ਪਲਟ ਗਈ ਜਿਸ ਕਾਰਨ 9 ਫੌਜੀ ਜਵਾਨ ਸ਼ਹੀਦ ਹੋ ਗਏ। ਇਨ੍ਹਾਂ ਸ਼ਹੀਦ ਹੋਣ ਵਾਲੇ ਜਵਾਨਾਂ ਚੋ ਇੱਕ ਸੂਬੇਦਾਰ ਰਮੇਸ਼ ਲਾਲ ਫ਼ਰੀਦਕੋਟ ਦੇ ਪਿੰਡ ਸਿਰਸੜੀ ਦਾ ਰਹਿਣ ਵਾਲਾ ਸੀ। ਇਸ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਸ਼ਹੀਦ ਦੀ ਪਤਨੀ ਤੇ 2 ਪੁੱਤਰ ਵੀ ਪਿਤਾ ਦੀ ਮ੍ਰਿਤਕ ਦੇਹ ਅੱਗੇ ਰੋਂਦੇ ਹੋਏ ਦਿਖਾਈ ਦਿੱਤੀ।
ਇਹ ਪਲ ਹਰ ਇੱਕ ਦੀ ਅੱਖ ਨੂੰ ਨਮ ਕਰ ਰਿਹਾ ਸੀ। ਜਿੱਥੇ, ਕਾਂਗਰਸੀ ਨੇਤਾ ਮੁੰਹਮਦ ਸਦੀਕ ਪਰਿਵਾਰ ਦੀ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਏ, ਉੱਥੇ ਕੋਟਕਪੂਰਾ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਵੀ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ।
ਸ਼ਹੀਦ ਰਮੇਸ਼ ਲਾਲ ਦੀ ਮ੍ਰਿਤਕ ਦੇਹ ਅੱਜ ਸੋਮਵਾਰ ਨੂੰ ਉਨ੍ਹਾਂ ਦੇ ਪਿੰਡ ਪੁੱਜੀ, ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਮੌਕੇ ਮ੍ਰਿਤਕ ਸੂਬੇਦਾਰ ਰਮੇਸ਼ ਲਾਲ ਦੇ ਭਰਾ ਕ੍ਰਿਸ਼ਨ ਲਾਲ ਨੇ ਦੱਸਿਆ ਕਿ 242 ਮੀਡੀਅਮ ਰੈਜੀਮੈਂਟ ਵਿੱਚ ਤੈਨਾਤ ਰਮੇਸ਼ ਲਾਲ, ਜੋ ਅਸਾਮ ਯੂਨਿਟ ਵਿੱਚ ਤੈਨਾਤ ਸੀ, ਉਹ ਆਪਣੀ ਡਿਊਟੀ ਹੁਣ ਲਦਾਖ਼ ਵਿੱਚ ਦੇ ਰਹੇ ਸੀ। ਉਨ੍ਹਾਂ ਦੀ ਬੱਸ ਪਲਟ ਗਈ ਅਤੇ ਖੱਡ ਵਿੱਚ ਡਿੱਗ ਗਈ। ਇਸ ਦੌਰਾਨ ਉਹ ਸ਼ਹੀਦ ਹੋ ਗਏ।
ਉਨ੍ਹਾਂ ਦੱਸਿਆ ਕਿ ਤਿੰਨ ਭਰਾਵਾਂ ਚੋ ਸਭ ਤੋਂ ਛੋਟਾ ਭਰਾ ਰਮੇਸ਼ ਲਾਲ ਹੀ ਸੀ, ਜੋ ਫੌਜ ਵਿੱਚ ਸੇਵਾ ਨਿਭਾਅ ਰਿਹਾ ਸੀ। ਆਪਣੇ ਪਿੱਛੇ ਦੋ ਬੇਟੇ ਅਤੇ ਪਤਨੀ ਨੂੰ ਛੱਡ ਗਿਆ ਜੋ ਇਸ ਵਕਤ ਰਾਏਪੁਰ ਕੈਂਟ ਵਿੱਚ ਰਹਿ ਰਹੇ ਹਨ ਅਤੇ ਅੱਜ ਆਪਣੇ ਜੱਦੀ ਪਿੰਡ ਪਹੁੰਚੇ। ਪਰਿਵਾਰ ਨੇ ਮਿਲ ਕੇ ਸ਼ਹੀਦ ਨੂੰ ਆਖਰੀ ਵਿਦਾਈ ਦਿੱਤੀ। ਇਸ ਮੌਕੇ ਮੁੰਹਮਦ ਸਦੀਕ ਨੇ ਸ਼ਹੀਦ ਰਮੇਸ਼ ਵਲੋਂ ਜਹਾਨ ਨੂੰ ਅਲਵਿਦਾ ਕਹੇ ਜਾਣ ਉੱਤੇ ਬੇਹਦ ਦੁੱਖ ਪ੍ਰਗਟਾਇਆ। ਉੱਥੇ ਹੀ, ਪਿੰਡ ਵਾਸੀਆਂ ਨੇ ਵੀ ਮੰਗ ਕੀਤੀ ਕਿ ਸ਼ਹੀਦ ਦੇ ਨਾਮ ਤੋਂ ਕੋਈ ਸਟੇਡੀਅਮ ਜਾਂ ਇਮਾਰਤ ਪਿੰਡ ਵਿੱਚ ਉਨ੍ਹਾਂ ਦੀ ਯਾਦਗਾਰ ਵਜੋ ਬਣਾਈ ਜਾਣੀ ਚਾਹੀਦੀ ਹੈ।
ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਰਮੇਸ਼ ਲਾਲ ਦੇ ਪਰਿਵਾਰ ਨਾਲ ਉਨ੍ਹਾਂ ਦੀ ਕਰੀਬੀ ਸਾਂਝ ਰਹੀ ਹੈ ਅਤੇ ਰਮੇਸ਼ ਲਾਲ ਫੌਜ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਸੀ ਜਿਸ ਦੀ ਹਾਦਸੇ ਦੌਰਾਣ ਮੌਤ ਹੋ ਗਈ। ਉਨ੍ਹਾਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਰਮੇਸ਼ ਲਾਲ ਦੀ ਕੁਰਬਾਨੀ ਆਜਾਈ ਨਾ ਜਾਵੇ। ਉਸ ਦੇ ਛੋਟੇ ਬੱਚਿਆਂ ਅਤੇ ਵਿਧਵਾ ਪਤਨੀ ਲਈ ਕੋਈ ਹੱਲ ਜ਼ਰੂਰ ਕੱਢਣ।