ਫ਼ਰੀਦਕੋਟ: ਸ਼ਹਿਰ 'ਚ ਇੱਕ ਬੇਸਹਾਰਾ ਪਿਤਾ ਇਨਸਾਫ ਲਈ ਸਰਕਾਰੀ ਚੱਕਰ ਕੱਟਣ ਲਈ ਮਜਬੂਰ ਹੈ, ਕਿਉਂਕਿ ਉਸ ਦੇ ਕਲਯੁਗੀ ਪੁੱਤਰ ਨੇ ਉਸ ਦੀ ਜਾਇਦਾਦ ਆਪਣੇ ਨਾਂਅ ਕਰਵਾ ਕੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ। ਹੁਣ ਇਸ ਬਜ਼ੁਰਗ ਕੋਲ ਕੋਈ ਆਸਰਾ ਨਹੀਂ ਹੈ।
ਪੀੜਤ ਬਜ਼ੁਰਗ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਅਵਾਨ ਦਾ ਵਸਨੀਕ ਹੈ। ਜਸਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਇੱਕ ਪੁੱਤਰ ਅਤੇ ਦੋ ਧੀਆਂ ਹਨ। ਉਨ੍ਹਾਂ ਦੱਸਿਆ ਕਿ ਕਰੀਬ ਕੁੱਝ ਸਾਲ ਪਹਿਲਾਂ ਉਸ ਦੇ ਬੇਟੇ ਨੇ ਆਪਣੇ ਮਾਮਿਆਂ ਦੇ ਨਾਲ ਰੱਲ ਕੇ ਉਸ ਦੀ 22 ਏਕੜ ਜ਼ਮੀਨ ਆਪਣੇ ਨਾਂਅ ਕਰਵਾ ਲਈ।
ਜ਼ਮੀਨ ਆਪਣੇ ਨਾਂਅ ਕਰਵਾਉਣ ਮਗਰੋਂ ਪੁੱਤਰ ਨੇ ਉਸ ਨੂੰ ਘਰੋ ਬਾਹਰ ਕੱਢ ਦਿੱਤਾ। ਜਸਵੀਰ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਹੁਣ ਉਹ ਫ਼ਰੀਦਕੋਟ ਰਹਿ ਰਹੇ ਹਨ ਤੇ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹਨ। ਉਨ੍ਹਾਂ ਕੋਲ ਨਾਂ ਤਾਂ ਰਹਿਣ ਲਈ ਕੋਈ ਥਾਂ ਹੈ ਅਤੇ ਨਾਂ ਹੀ ਗੁਜ਼ਾਰੇ ਲਈ ਪੈਸੇ। ਬਜ਼ੁਰਗ ਨੇ ਇਨਸਾਫ ਦੀ ਮੰਗ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਇੱਕ ਲਿਖਤ ਅਰਜ਼ੀ ਦਿੱਤੀ ਹੈ ਅਤੇ ਆਪਣੀ ਜ਼ਮੀਨ ਵਾਪਸ ਦਵਾਉਣ ਦੀ ਮੰਗ ਕੀਤੀ ਹੈ।
ਇਸ ਮਾਮਲੇ ਬਾਰੇ ਫ਼ਰੀਦਕੋਟ ਦੇ ਡੀਐਸਪੀ ਜਸਤਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਜਸਵੀਰ ਸਿੰਘ ਨਾਂਅ ਦੇ ਇੱਕ ਬਜ਼ੁਰਗ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਅਰਜ਼ੀ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਇਸ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।