ਫਰੀਦਕੋਟ : ਸੂਬੇ ਵਿਚ ਵਧ ਰਿਹਾ ਚਾਈਨਾ ਡੋਰ ਦਾ ਰੁਝਾਨ ਇਨਸਾਨਾਂ, ਪੰਛੀਆਂ ਤੇ ਜਾਨਵਰਾਂ ਲਈ ਖਤਰਨਾਕ ਸਾਬਿਤ ਹੋ ਰਿਹਾ ਹੈ। ਆਏ ਦਿਨ ਖਬਰਾਂ ਸੁਣਨ ਨੂੰ ਮਿਲਦੀਆਂ ਹਨ, ਕਿ ਚਾਈਨਾਂ ਡੋਰ ਨਾਲ ਕਿਸੇ ਨਾ ਕਿਸੇ ਦਾ ਨੁਕਸਾਨ ਹੁੰਦਾ ਹੈ ਪਰ ਇਸ ਦੀ ਵਰਤੋਂ ਘਟਾਉਣ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਨਾ ਵੇਚਣ ਵਾਲੇ ਤੇ ਨਾ ਹੀ ਇਸ ਦੀ ਵਰਤੋਂ ਕਰਨ ਵਾਲੇ। ਹਾਲਾਂਕਿ ਪ੍ਰਸ਼ਾਸਨ ਵੱਲੋਂ ਵੀ ਇਸ ਦੀ ਵਰਤੋਂ ਨਾ ਕਰਨ ਲਈ ਲਗਾਤਾਰ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ ਪਰ ਜ਼ਿਆਦਾਤਰ ਲੋਕਾਂ ਵੱਲੋਂ ਇਸ ਵੀ ਧਿਆਨ ਨਾ ਦੇਕੇ ਧੜੱਲੇ ਨਾਲ ਇਸ ਦੀ ਵਿਕਰੀ ਤੇ ਵਰਤੋਂ ਕੀਤੀ ਜਾਂਦੀ ਹੈ।
ਇਸ ਵਿਰੁੱਧ ਹੁਣ ਫਰੀਦਕੋਟ ਦੀਆ ਸਮੂਹ ਸਮਾਜਸੇਵੀ ਸੰਸਥਾਵਾਂ ਨੇ ਇਕ ਵੱਡਾ ਫੈਸਲੇ ਲਿਆ ਹੈ, ਜਿਸ ਵਿਚ ਉਨ੍ਹਾਂ ਐਲਾਨ ਕੀਤਾ ਹੈ ਕਿ ਚਈਨਾ ਡੋਰ ਵੇਚਣ ਵਾਲਿਆਂ ਦੀ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ 10,000 ਰੁਪਏ ਇਨਾਮ ਵਜੋਂ ਦਿਤੇ ਜਾਣਗੇ ਤੇ ਉਸਦੀ ਪਛਾਣ ਵੀ ਗੁਪਤ ਰੱਖੀ ਜਾਵੇਗੀ। ਇਸਦੇ ਨਾਲ ਹੀ ਸ਼ਹਿਰ ਦੀਆਂ ਸੰਸਥਾਵਾਂ ਵਲੋਂ ਫਰੀਦਕੋਟ ਦੀਆਂ ਉਕਤ ਦੁਕਾਨਾਂ ਬਾਹਰ ਪੋਸਟਰ ਲਗਉਣ ਦਾ ਸਿਲਸਲਾ ਵੀ ਅੱਜ ਸ਼ੁਰੂ ਕਰ ਦਿਤਾ ਹੈ। ਪੋਸਟਰਾਂ ਉਤੇ ਲਿਖਿਆ ਗਿਆ ਹੈ ਕਿ ਪਲਾਸਟਿਕ ਦੀ ਡੋਰ ਜਾਨਲੇਵਾ ਹੈ ਇਸ ਦੁਕਾਨ ਉਤੇ ਇਸਦੀ ਵਿਕਰੀ ਨਹੀਂ ਹੁੰਦੀ। ਇਸ ਡੋਰ ਦੀ ਮੰਗ ਨਾ ਕੀਤੀ ਜਾਵੇ।
ਇਹ ਵੀ ਪੜ੍ਹੋ : ਪਿਆਰ ਦੀ ਜਿੱਤ! ਪ੍ਰੇਮੀ ਨੂੰ ਮਨਾਉਣ ਲਈ ਪ੍ਰੇਮਿਕਾ ਨੇ ਦਿੱਤਾ 72 ਘੰਟੇ ਧਰਨਾ, ਫਿਰ ਹੋਇਆ ਵਿਆਹ
ਇਸ ਮੌਕੇ ਸਮਾਜਸੇਵੀ ਆਗੂਆਂ ਨੇ ਕਿਹਾ ਕਿ ਇਸ ਡੋਰ ਨੂੰ ਨਾ ਖਰੀਦਿਆ ਜਾਵੇ ਤਾਂ ਜੋ ਇਨਸਾਨਾਂ, ਜਾਨਵਰਾਂ, ਪੰਛੀਆਂ ਦੀਆਂ ਕੀਮਤੀ ਜਾਨਾ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪਲਾਸਟਿਕ ਡੋਰ ਨੂੰ ਚੋਰੀ ਵੇਚਣ ਵਾਲਿਆਂ ਦੀ ਸੂਚਨਾ ਦੇਣ ਵਾਲੇ ਵਿਅਕਤੀ ਨੂੰ 10,000 ਨਗਦ ਇਨਾਮ ਦਿਤਾ ਜਾਵੇਗਾ ਅਤੇ ਉਸਦੀ ਪਛਾਣ ਵੀ ਗੁਪਤ ਰੱਖੀ ਜਾਵੇਗੀ। ਇਸ ਮੌਕੇ ਦੁਕਾਨਦਾਰਾਂ ਨੇ ਸੰਸਥਾਵਾਂ ਦੇ ਇਸ ਉਪਰਾਲੇ ਦਾ ਸਾਥ ਦਿੰਦੇ ਹੋਏ ਖੁਦ ਇਨ੍ਹਾਂ ਦੀ ਮੱਦਦ ਕੀਤੀ ਤੇ ਆਪਣਿਆਂ ਦੁਕਾਨਾਂ ਬਾਹਰ ਪੋਸਟਰ ਲਗਵਾ ਕੇ ਇਹ ਵੀ ਸੁਨੇਹਾ ਦਿੱਤਾ ਕਿ ਕੋਈ ਵੀ ਦੁਕਾਨਦਾਰ ਇਸ ਡੋਰ ਦੀ ਵਰਤੋਂ ਨਾ ਕਰੇ। ਇਸ ਮੌਕੇ ਇਕ ਛੋਟੇ ਬੱਚੇ ਨੇ ਵਡਾ ਸੁਨੇਹਾ ਦਿੰਦਿਆ ਉਨ੍ਹਾਂ ਬੱਚਿਆਂ ਨੂੰ ਨਸੀਅਤ ਦੇ ਦਿਤੀ ਜੋ ਇਸ ਘਾਤਕ ਡੋਰ ਦੀ ਵਰਤੋਂ ਲਈ ਆਪ ਅਤੇ ਆਪਣੇ ਮਾਤਾ-ਪਿਤਾ ਨੂੰ ਖਰੀਦ ਕਰਨ ਲਈ ਮਜਬੂਰ ਕਰਦੇ ਹਨ, ਜਿਸਦੀ ਸਾਰਿਆ ਨੇ ਸਰਹਾਣਾ ਕੀਤੀ।